ਹਾਦਸਿਅਾਂ ’ਚ 15 ਸਾਲਾ ਬੱਚੇ ਸਣੇ 2 ਜ਼ਖਮੀ

Saturday, Dec 01, 2018 - 03:35 AM (IST)

ਹਾਦਸਿਅਾਂ ’ਚ 15 ਸਾਲਾ ਬੱਚੇ ਸਣੇ 2 ਜ਼ਖਮੀ

ਅਬੋਹਰ, (ਰਹੇਜਾ)– ਪਿੰਡ ਬੱਲੂਆਨਾ ਦੇ ਨੇਡ਼ੇ ਬੀਤੀ ਸ਼ਾਮ ਇਕ ਕੈਂਟਰ ਦੀ ਟੱਕਰ ਨਾਲ ਇਕ ਬੱਚਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ 15 ਸਾਲਾ ਵਿਸ਼ਾਲ ਪੁੱਤਰ ਬਾਲ ਚੰਦ ਵਾਸੀ ਬੱਲੂਆਨਾ ਕਾਲੋਨੀ ਬੀਤੀ ਸ਼ਾਮ ਘਰ ਦੇ ਅੱਗੇ ਖੜ੍ਹਾ ਸੀ ਕਿ ਇਸ ਦੌਰਾਨ ਉੱਥੋਂ ਲੰਘ ਰਹੇ ਇਕ ਕੈਂਟਰ ਚਾਲਕ ਨੇ ਉਸ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਬੱਚੇ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਰੈਫਰ ਕਰ ਦਿੱਤਾ।
 ਫਾਜ਼ਿਲਕਾ, (ਲੀਲਾਧਰ, ਨਾਗਪਾਲ)– ਅੱਜ ਸਵੇਰੇ ਇੱਥੋਂ 6 ਕਿਲੋਮੀਟਰ ਦੂਰ ਫਾਜ਼ਿਲਕਾ-ਅਬੋਹਰ ਰੋਡ ਪਿੰਡ ਬਨਵਾਲਾ ਹਨਵੰਤਾ ਨੇਡ਼ੇ ਸਵੇਰੇ ਲਗਭਗ 7.30 ਵਜੇ ਇਕ ਦੂਜੇ ਨੂੰ ਕ੍ਰਾਸ ਕਰਦੇ ਸਮੇਂ ਦੋ ਟਰਾਲੇ ਅਤੇ ਇਕ ਰੇਤ ਨਾਲ ਭਰੀ ਟਰੈਕਟਰ-ਟਰਾਲੀ ਵਿਚਕਾਰ ਹੋਈ ਟੱਕਰ ਨਾਲ ਦੋਨੋਂ ਵਹੀਕਲ ਨੁਕਸਾਨੇ ਗਏ। ਕੋਇਲੇ ਨਾਲ ਭਰਿਆ ਟਰਾਲਾ ਅਤੇ ਰੇਤ ਨਾਲ ਭਰੀ ਟਰਾਲੀ ਦੀ ਟੱਕਰ ਨਾਲ ਸਾਰਾ ਰੋਡ ਜਾਮ ਹੋ ਗਿਆ।  ਪ੍ਰਾਪਤ ਜਾਣਕਾਰੀ ਦੇ ਮੁਤਾਬਕ ਟਰਾਲਾ ਚਾਲਕ (ਪੀ ਬੀ 05 ਏਬੀ 9804) ’ਚ ਕੋਇਲਾ ਭਰ ਕੇ ਗੁਜਰਾਤ ਦੇ ਕਾਂਡਲੇ ਤੋਂ ਫਗਵਾਡ਼ਾ ਜਾ ਰਿਹਾ ਸੀ। ਦੂਸਰੇ ਪਾਸਿਓਂ ਟਰੈਕਟਰ (ਪੀ ਬੀ 22ਕੇ 6136) ਦਾ ਚਾਲਕ ਸ਼ਿਵ ਕੁਮਾਰ ਜਲਾਲਾਬਾਦ ਤੋਂ ਰੇਤਾ ਭਰ ਕੇ ਅਬੋਹਰ ਵਾਲੇ ਪਾਸੇ ਜਾ ਰਿਹਾ ਸੀ। ਜਦ ਇਹ ਦੋਨੋਂ ਵਹੀਕਲ ਫਾਜ਼ਿਲਕਾ-ਅਬੋਹਰ ਰੋਡ ’ਤੇ ਸਥਿਤ ਪਿੰਡ ਵਨਵਾਲਾ ਹੁਨਵੰਤਾ ਨੇਡ਼ੇ ਪਹੁੰਚੇ ਤਾਂ ਰੇਤ ਨਾਲ ਭਰੇ ਟਰੈਕਟਰ-ਟਰਾਲੀ ਦੇ ਪਿੱਛੇ ਆ ਰਹੇ ਇਕ ਹੋਰ ਟਰਾਲੇ (ਆਰ ਜੇ 3ਜੀਏ 8199) ਦਾ ਚਾਲਕ ਜਦ ਰੇਤ ਨਾਲ ਭਰੇ ਟਰੈਕਟਰ-ਟਰਾਲੇ ਨੂੰ ਕ੍ਰਾਸ ਕਰ ਕੇ  ਅੱਗੇ ਨਿਕਲਿਆ ਤਾਂ ਉਸ ਦੀ ਸਾਹਮਣੇ ਤੋਂ ਆ ਰਹੇ ਕੋਇਲੇ ਨਾਲ ਭਰੇ ਟਰਾਲੇ ਨਾਲ ਸਾਈਡ ਤੋਂ ਟੱਕਰ ਹੋ ਗਈ। ਇਸ ਟੱਕਰ ’ਚ ਕੋਇਲੇ ਨਾਲ ਭਰੇ ਟਰਾਲੇ ਦਾ ਅੱਗੇ ਵਾਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਰੇਤ ਨਾਲ ਭਰੇ ਟਰਾਲੇ ਦੀ ਹੁੱਕ ਟੁੱਟ ਜਾਣ ਕਾਰਨ ਉਹ ਜ਼ਮੀਨ ’ਤੇ ਲੱਗ ਗਿਆ। ਇਸ ਟੱਕਰ ’ਚ ਟਰਾਲਾ ਚਾਲਕ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਇਲਾਜ ਲਈ ਭਰਤੀ ਕਰਵਾਇਆ ਗਿਆ। ਮੌਕੇ ’ਤੇ ਪਹੁੰਚੇ ਟਰਾਲਾ ਮਾਲਕ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਾ (ਫਿਰੋਜ਼ਪੁਰ) ਨੇ ਦੱਸਿਆ ਕਿ ਟਰੈਕਟਰ-ਟਰਾਲੀ ਰੇਤ ਨਾਲ ਓਵਰਲੋਡ ਭਰੀ ਸੀ। ਦੂਸਰੇ ਪਾਸੇ ਮੌਕੇ ’ਤੇ ਹਾਜ਼ਰ ਥਾਣਾ ਸਦਰ ਪੁਲਸ ਦੇ ਸਬ ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Related News