ਸੜਕ ਦੁਰਘਟਨਾ ’ਚ ਟਰੈਕਟਰ ਡਰਾਈਵਰ ਦੀ ਮੌਤ
Friday, Apr 18, 2025 - 05:45 PM (IST)

ਪਟਿਆਲਾ/ਸਨੌਰ (ਮਨਦੀਪ ਜੋਸਨ) : ਪਟਿਆਲਾ-ਕੈਥਲ ਹਾਈਵੇਅ ’ਤੇ ਪਿੰਡ ਸੁਨਿਆਰਹੇੜੀ ਨੇੜੇ ਕੈਂਟਰ ਅਤੇ ਟਰੈਕਟਰ-ਟਰਾਲੀ ਨਾਲ ਹੋਏ ਹਾਦਸੇ ’ਚ ਟਰੈਕਟਰ ਡਰਾਈਵਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਰਮ ਸਿੰਘ ਵਾਸੀ ਪਿੰਡ ਡੀਲਵਾਲ, ਰਾਤ ਤਕਰੀਬਨ ਡੇਢ ਵਜੇ ਆਪਣੇ ਖੇਤਾਂ ਪਿੰਡ ਨੈਣ ਖੁਰਦ ਤੋਂ ਟਰੈਕਟਰ-ਟਰਾਲੀ ਨਾਲ ਕਣਕ ਲੈ ਕੇ ਸਨੌਰ ਅਨਾਜ ਮੰਡੀ ’ਚ ਆ ਰਹੇ ਹਨ, ਉਨ੍ਹਾਂ ਦਾ ਦੋਹਤਰਾ ਨਾਲ ਬੈਠਾ ਸੀ। ਜਦੋਂ ਇਹ ਪਿੰਡ ਸੁਨਿਆਰਹੇੜੀ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਕੈਂਟਰ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਪਲਟ ਕੇ ਪੁੱਠਾ ਹੋ ਗਿਆ।
ਦੇਖਣ ਵਾਲੇ ਲੋਕਾਂ ਨੇ ਟਰੈਕਟਰ ਡਰਾਈਵਰ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਨਾਲ ਬੈਠੇ ਉਨ੍ਹਾਂ ਦੇ ਦੋਹਤਰੇ ਕਮਲਪ੍ਰੀਤ (15 ਸਾਲ) ਦੇ ਗੰਭੀਰ ਸੱਟਾਂ ਲੱਗੀਆਂ, ਜੋ ਕਿ ਜ਼ੇਰੇ ਇਲਾਜ ਹਸਪਤਾਲ ਭਰਤੀ ਹੈ। ਪੁਲਸ ਮਾਮਲੇ ਦੀ ਤਫਤੀਸ਼ ’ਚ ਜੁਟੀ ਹੋਈ ਹੈ।