ਦੋ ਦਿਨਾਂ ਲਈ ਵਿਧਾਨ ਸਭਾ ਸੈਸ਼ਨ ਮੁਲਤਵੀ ਕਰਨਾ ਸੰਵਿਧਾਨ ਦੀ ਤੌਹੀਨ ਤੇ ਖ਼ਜ਼ਾਨੇ 'ਤੇ ਬੇਲੋੜਾ ਬੋਝ : 'ਆਪ'

Monday, Nov 08, 2021 - 05:50 PM (IST)

ਚੰਡੀਗੜ੍ਹ (ਬਿਊਰੋ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੋਮਵਾਰ ਨੂੰ ਵਿਧਾਨ ਸਭਾ ਦੀ ਇਕਲੌਤੀ ਬੈਠਕ ਕਰਕੇ ਸਦਨ ਦੀ ਕਾਰਵਾਈ ਦੋ ਦਿਨਾਂ ਲਈ ਮੁਲਤਵੀ ਕਰਕੇ 11 ਨਵੰਬਰ ਨੂੰ ਕੀਤੇ ਜਾਣ ਵਾਲੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਦੋਸ਼ ਲਾਇਆ ਕਿ ਸਰਕਾਰ ਅਜਿਹੇ ਤੁਗ਼ਲਕੀ ਫ਼ੈਸਲੇ ਲੈ ਕੇ ਨਾ ਕੇਵਲ ਸੰਵਿਧਾਨ ਦੀ ਤੌਹੀਨ ਕਰ ਰਹੀ ਹੈ, ਸਗੋਂ ਲੋਕਾਂ ਦੇ ਪੈਸੇ (ਸਰਕਾਰੀ ਖ਼ਜ਼ਾਨੇ) ’ਤੇ ਵੀ ਬੇਲੋੜਾ ਅਤੇ ਬੇਤੁਕਾ ਬੋਝ ਪਾ ਰਹੀ ਹੈ। ਵਿਧਾਨ ਸਭਾ ਇਜਲਾਸ ਦੌਰਾਨ ਚੰਦ ਮਿੰਟਾਂ ’ਚ ਖ਼ਤਮ ਹੋਈ ਸ਼ਰਧਾਂਜਲੀ ਬੈਠਕ ਤੋਂ ਬਾਅਦ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਿਨ੍ਹਾਂ ਮੂੰਹ- ਸਿਰ (ਹੈਡਲੱਸ) ਸਰਕਾਰ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਕੈਬਨਿਟ ਦਾ ਸਾਰਾ ਜ਼ੋਰ ਇਸ ਗੱਲ ’ਤੇ ਲੱਗਾ ਹੈ ਕਿ ਕਿਵੇਂ ਨਾ ਕਿਵੇਂ ਪੌਣੇ ਪੰਜ ਸਾਲਾਂ ਦੇ ਨਿਕੰਮੇ ਸ਼ਾਸਨ ਦੀਆਂ ਨਾਕਾਮੀਆਂ ਛੁਪਾਈਆਂ ਜਾ ਸਕਣ। ਇਸ ਕਰਕੇ ਸਰਕਾਰ ਸੜਕਾਂ ’ਤੇ ਧਰਨੇ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਸਵਾਲਾਂ ਤੋਂ ਭੱਜ ਰਹੀ ਹੈ।

ਇਹ ਵੀ ਪੜ੍ਹੋ: ਮੁੜ 'ਆਪ' ਦਾ ਝਾੜੂ ਫੜ ਸਕਦੇ ਨੇ ਸੁੱਚਾ ਸਿੰਘ ਛੋਟੇਪੁਰ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਕਮਜ਼ੋਰੀਆਂ ਨੂੰ ਛੁਪਾ ਰਹੀ ਹੈ ਅਤੇ ਸੈਸ਼ਨ ਦੇ ਨਾਟਕ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਉਦੋਂ ਕਿਹਾ ਸੀ ਕਿ ਸੈਸ਼ਨ ਦਾ ਇੱਕ ਦਿਨ ਦਾ ਖ਼ਰਚ 70 ਹਜ਼ਾਰ ਰੁਪਏ ਆਉਂਦਾ ਹੈ। ਹੁਣ ਮਹਿੰਗਾਈ ਦੇ ਚੱਲਦਿਆਂ ਖ਼ਰਚਾ ਹੋਰ ਵੀ ਵੱਧ ਗਿਆ ਹੈ। ਇਸ ਫਜ਼ੂਲ ਖ਼ਰਚੀ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਇਹ ਦੱਸਣ ਕਿ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਬਿਹਤਰ ਹੁੰਦਾ ਕਿ ਇਸ ਸੈਸ਼ਨ ਨੂੰ ਦੋ ਦਿਨ ਲਈ ਮੁਲਤਵੀ ਕਰਨ ਦੀ ਬਜਾਏ ਅੱਗੇ 15 ਦਿਨਾਂ ਲਈ ਵਧਾਇਆ ਜਾਂਦਾ। ਚੀਮਾ ਨੇ ਲੰਬਿਤ ਪਏ ਮੌਨਸੂਨ ਸੈਸ਼ਨ ਨੂੰ ਜਲਦ ਅਤੇ ਘੱਟ ਤੋਂ ਘੱਟ 15 ਦਿਨ ਲਈ ਬੁਲਾਉਣ ਦੀ ਮੰਗ ਕੀਤੀ ਅਤੇ ਇਸ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਵੀ ਦੁਹਰਾਈ। 

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ ਕਾਂਗਰਸ ਸਰਕਾਰ ਤੋਂ ਪੰਜ ਸਾਲਾਂ ਦੀ ਕਾਰਗੁਜਾਰੀ ਦਾ ਲੇਖਾ- ਜੋਖਾ ਪੁੱਛਿਆ ਜਾਵੇਗਾ। ਪੁੱਛਿਆ ਜਾਵੇਗਾ ਕਿ ਚੰਨੀ ਸਰਕਾਰ ਕਿਸ ‘ਡੀਲ’ ਵਿੱਚ ਅੱਧਾ ਪੰਜਾਬ ਬੀ.ਐੱਸ.ਐੱਫ਼. ਦੇ ਰਾਹੀਂ ਮੋਦੀ ਅਤੇ ਅਮਿਤ ਸ਼ਾਹ ਨੂੰ ਸੌਂਪ ਕੇ ਆਏ ਹਨ। ਕਿਸਾਨੀ ਕਰਜਾ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ ਦੇ ਸਬੰਧ ਵਿੱਚ ਅਤੇ ਸੋਹਾਣਾ (ਮੋਹਾਲੀ) ਵਿਖੇ ਪਾਣੀ ਵਾਲੀ ਟੈਂਕੀ ’ਤੇ ਬੈਠੇ ਪੀ.ਟੀ.ਆਈ ਅਧਿਆਪਕਾਂ, ਪਟਿਆਲਾ ਦੇ ਟਾਵਰਾਂ ’ਤੇ ਚੜ੍ਹੇ ਅਤੇ ਮਰਨ ਵਰਤ ’ਤੇ ਬੈਠੇ ਬੇਰੁਜ਼ਗਾਰਾਂ ਦੇ ਸਵਾਲ ਪੁੱਛੇ ਜਾਣਗੇ। 

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ 70 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸੈਸ਼ਨ ਨਿਰੰਤਰ ਜਾਰੀ ਹੈ ਪਰ ਮੰਗਲਵਾਰ ਤੋਂ ਵੀਰਵਾਰ ਦੇ ਵਿਚਕਾਰ ਦੋ ਦਿਨਾਂ ਦੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਦੋਂ ਕਿ ਇਕ ਸਾਲ ਵਿੱਚ 40 ਦਿਨਾਂ ਦੀ ਹਾਜ਼ਰੀ ਹੋਣੀ ਚਾਹੀਦੀ ਹੈ, ਜਿਹੜੀ ਹੁਣ ਕੇਵਲ 10- 11 ਦਿਨ ਦੀ ਹੁੰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਜ਼ਿੰਮੇਦਾਰ ਵਿਰੋਧੀ ਧਿਰ ਦੇ ਰੂਪ ਵਿੱਚ ‘ਆਪ’ ਕਾਂਗਰਸ ਸਰਕਾਰ ਤੋਂ ਜਨਤਾ ਦੇ ਸਾਰੇ ਸਵਾਲ ਪੁੱਛੇਗੀ। 

ਨੋਟ :ਕੀ ਵਿਧਾਨ ਸਭਾ ਦਾ ਸ਼ੈਸਨ ਦੋ ਦਿਨ ਮੁਲਤਵੀ ਕਰਨਾ ਸਹੀ ਫ਼ੈਸਲਾ ਹੈ ਜਾਂ ਨਹੀਂ? ਕੁਮੈਂਟ ਕਰਕੇ ਦਿਓ ਆਪਣੀ ਰਾਏ
 


Harnek Seechewal

Content Editor

Related News