‘ਆਪ’ ਦਾ ਬਿਜਲੀ ਸਪਲਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਨੂੰ ਠੋਕਵਾਂ ਜਵਾਬ

Friday, Feb 10, 2023 - 11:29 PM (IST)

‘ਆਪ’ ਦਾ ਬਿਜਲੀ ਸਪਲਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਨੂੰ ਠੋਕਵਾਂ ਜਵਾਬ

ਚੰਡੀਗੜ੍ਹ (ਰਮਨਜੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ’ਤੇ ਜਤਾਈ ਚਿੰਤਾ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਗਗਨਦੀਪ ਸਿੰਘ ਤੇ ਨੀਲ ਗਗਨ ਨੇ ਪਿਛਲੀ ਅਕਾਲੀ ਅਤੇ ਕਾਂਗਰਸ ਦੀ ਅਲੋਚਨਾ ਕੀਤੀ ਤੇ ਪੀ.ਐੱਸ.ਪੀ.ਸੀ.ਐੱਲ. ਦੀ ਮੌਜੂਦਾ ਵਿੱਤੀ ਸਥਿਤੀ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਨੀਲ ਗਰਗ ਨੇ ਕਿਹਾ ਕਿ ਬਿਜਲੀ ਸਪਲਾਈ ਅਤੇ ਬਿਜਲੀ ਬੋਰਡ ਦੀ ਮਾਲੀ ਹਾਲਤ ’ਤੇ ਸੁਖਬੀਰ ਬਾਦਲ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਘਬਰਾਏ ਹੋਏ ਹਨ ਕਿਉਂਕਿ ਆਮ ਆਦਮੀ ਪਾਰਟੀ ਦੀ ਇਮਾਨਦਾਰ ਅਤੇ ਲੋਕ ਪੱਖੀ ਰਾਜਨੀਤੀ ਨਾਲ ਇਨ੍ਹਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਨਾਂ ਸਿਰਫ਼ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਹੋ ਰਹੇ ਹਨ, ਸਗੋਂ ਪੰਜਾਬ ਦੀ ਭਾਈਚਾਰਕ ਸਾਂਝ ਵੀ ਵਧੀ ਹੈ। ਉਥੇ ਹੀ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ‘ਆਪ’ ਸਰਕਾਰ ਨੂੰ ਬਦਨਾਮ ਕਰ ਕੇ ਲੋਕਾਂ ਵਿਚ ਡਰ ਦਾ ਮਹੌਲ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਸਾਨੂੰ ਵਿਰਾਸਤ ਵਿਚ ਬਿਜਲੀ ਬੋਰਡ ਪ੍ਰਤੀ 9020 ਕਰੋੜ ਦੀ ਦੇਣਦਾਰੀ ਦਿੱਤੀ। ਸੁਖਬੀਰ ਬਾਦਲ ਦੱਸਣ ਕਿ ਇਸਦਾ ਜ਼ਿੰਮੇਵਾਰ ਕੌਣ ਹੈ?

ਇਹ ਵੀ ਪੜ੍ਹੋ : ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਫਿਰ ਸੁਰਖੀਆਂ ’ਚ, 5 ਮੋਬਾਇਲ ਫੋਨ, ਸਿਮਾਂ, ਡਾਟਾ ਕੇਬਲ ਤੇ ਹੋਰ ਸਾਮਾਨ ਬਰਾਮਦ

ਕੰਗ ਨੇ ਕਿਹਾ ਕਿ 80 ਤੋਂ 90 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ। ਇੰਨਾ ਹੀ ਨਹੀਂ ਮਾਨ ਸਰਕਾਰ ਲਗਾਤਾਰ ਬਿਜਲੀ ਬੋਰਡ ਦੇ ਪਿਛਲੇ ਬਕਾਏ ਵੀ ਕਲੀਅਰ ਕਰ ਰਹੀ ਹੈ ਅਤੇ ਨਾਲ ਹੀ ਬਿਜਲੀ ਉਤਪਾਦਨ ਵਧਾਉਣ ਲਈ ਅਪਗ੍ਰੇਡ ਦੇ ਨਾਲ-ਨਾਲ ਸਾਰੇ ਲੋੜੀਂਦੇ ਕਦਮ ਉਠਾਏ ਜਾ ਰਹੇ ਹਨ। ਅਗਲੇ ਸਾਲ ਤਕ 1200 ਮੈਗਾਵਾਟ ਸੋਲਰ ਪਾਵਰ ਅਤੇ 2024 ਤੱਕ 2300 ਮੈਗਾਵਾਟ ਸੋਲਰ ਪਾਵਰ ਪੈਦਾ ਕਰਨ ਲਈ ਕੰਮ ਜਾਰੀ ਹੈ। ਮਾਨ ਸਰਕਾਰ ਨੇ 2015 ਤੋਂ ਬੰਦ ਪਈ ਪਛਵਾੜਾ ਕੋਲ ਖਾਨ ਚਲਵਾਈ, 2025 ਤਕ ਰੀਨਿਊਏਬਲ (ਨਵਿਆਉਣਯੋਗ) ਸਰੋਤਾਂ ਤੋਂ 3000 ਮੈਗਾਵਾਟ ਬਿਜਲੀ ਪੰਜਾਬ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਜਿਹੇ ਬਿਆਨ ਇਸ ਲਈ ਦੇ ਰਹੇ ਹਨ ਕਿਉਂਕਿ ਉਹ ਇਨ੍ਹਾਂ ਲੋਕ ਭਲਾਈ ਦੀਆਂ ਸਕੀਮਾਂ ਤੋਂ ਘਬਰਾਏ ਹੋਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵੱਲ ਸਰਕਾਰ ਦੀ ਦੇਣਦਾਰੀ 3600 ਕਰੋੜ ਹੈ ਅਤੇ ਅਗਲੇ ਤਿੰਨ ਸਾਲਾਂ ਵਿਚ ਪੀ.ਐੱਸ.ਪੀ.ਸੀ.ਐੱਲ. ਦੇ ਸਾਰੇ ਬਕਾਏ ਕਲੀਅਰ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਪਲਾਈ ਨਿਰਵਿਘਨ ਰਹੇਗੀ ਅਤੇ ਕੋਈ ਕਮੀ ਨਹੀਂ ਆਵੇਗੀ। ਕੰਗ ਨੇ ਬਾਦਲ ’ਤੇ ਤੰਜ ਕਸਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੌਰ ਵਿਚ ਉਨ੍ਹਾਂ ਨੇ ਟਰਾਂਸਪੋਰਟ ਅਤੇ ਮਾਈਨਿੰਗ ਆਦਿ ’ਤੇ ਕਬਜ਼ਾ ਕਰ ਲਿਆ ਸੀ ਪਰ ਹੁਣ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਡਰਾ ਕੇ ਆਪਣਾ ਕੰਮ ਨਹੀਂ ਚਲਾ ਸਕਦੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਘੱਟਗਿਣਤੀ ਵਰਗ ਦੀ ਭਲਾਈ ਲਈ ਕੀਤਾ ਵੱਡਾ ਉਪਰਾਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News