ਸੁਨੀਲ ਜਾਖੜ ਦੇ ਬਿਆਨ 'ਤੇ ਭਖਿਆ ਵਿਵਾਦ,ਆਮ ਆਦਮੀ ਪਾਰਟੀ ਨੇ ਚੁੱਕੇ ਵੱਡੇ ਸਵਾਲ

02/02/2022 5:17:59 PM

ਚੰਡੀਗੜ੍ਹ : ਵਿਧਾਨ ਸਭਾ ਵੋਟਾਂ ਦਾ ਸਮਾਂ ਜਿਉਂ ਜਿਉਂ ਨੇੜੇ ਆ ਰਿਹਾ ਹੈ ਉਵੇਂ ਹੀ ਸਿਆਸੀ ਪਾਰਟੀਆਂ ਇਕ ਦੂਜੇ ’ਤੇ ਨਿਸ਼ਾਨਾ ਲਗਾਉਂਦੀਆਂ ਦਿਖਾਈ ਦੇ ਰਹੀਆਂ ਹਨ। ਅਜਿਹਾ ਹੀ ਇਕ ਨਵਾਂ ਮਾਮਲਾ ਆਮ ਆਦਮੀ ਪਾਰਟੀ ਵਲੋਂ ਸਾਹਮਣੇ ਆਇਆ ਜਿਸ ’ਚ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਵਲੋਂ ਦਿੱਤੇ ਇਕ ਬਿਆਨ ਦਾ ਮੁੜ ਜਵਾਬ ਦਿੱਤਾ। ਜਾਖੜ ਵਲੋਂ ਦਿੱਤੇ ਇਕ ਬਿਆਨ ਜਿਸ ’ਚ ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਨਲਾਇਕੀ ਕਰਕੇ ਸਾਢੇ ਸਾਲ ਬਾਅਦ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਗਿਆ ਸੀ ਤਾਂ ਵਿਧਾਇਕ ਦਲ ਦੀ ਬੈਠਕ ਵਿਚ ਪੰਜਾਬ ਦੇ ਐੱਮ. ਐੱਲ. ਏ. ਨੇ ਜਾਖੜ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 42 ਵੋਟਾਂ, ਸੁਖਜਿੰਦਰ ਰੰਧਾਵਾ ਦੇ ਹੱਕ ’ਚ 16 ਵੋਟਾਂ,  ਰਵਨੀਤ ਕੌਰ ਦੇ ਹੱਕ ’ਚ 12, ਨਵਜੋਤ ਸਿੱਧੂ ਦੇ ਹੱਕ ’ਚ 6 ਵੋਟਾਂ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਸਿਰਫ 2 ਵੋਟਾਂ ਹੀ ਪਈਆਂ ਸਨ।

ਇਹ ਵੀ ਪੜ੍ਹੋ : ਸਰਦੂਲਗੜ੍ਹ ਤੋਂ ਕਾਂਗਰਸ ਉਮੀਦਵਾਰ ਵਿਕਰਮ ਮੋਫਰ ਦੇ ਹੱਕ ’ਚ ਬੋਲੇ ਰਵਨੀਤ ਬਿੱਟੂ, ਕੀਤਾ ਇਹ ਦਾਅਵਾ

ਜਰਨੈਲ ਸਿੰਘ ਨੇ ਕਿਹਾ ਕਿ ਜਿਹੜੀ ਸਰਕਾਰ ਖ਼ੁਦ ਮੁਖਤਿਆਰੀ ਦੀਆਂ ਗੱਲਾਂ ਕਰਦੇ ਸਨ ਅਤੇ ਆਮ ਆਦਮੀ ਪਾਰਟੀ ’ਤੇ ਇਲਜ਼ਾਮ ਲਗਾਉਂਦੇ ਸਨ ਕਿ ਇਹ ਪਾਰਟੀ ਦਿੱਲੀ ਦੇ ਇਸ਼ਾਰਿਆਂ ’ਤੇ ਚੱਲਦੀ ਹੈ ਅੱਜ ਉਸ ਪਾਰਟੀ ਦੇ ਵਿਧਾਇਕ ਕਹਿ ਰਹੇ ਹਨ ਕਿ ਸੀ.ਐੱਲ.ਪੀ. ਨੇ ਸਾਰੇ ਅਧਿਕਾਰ ਸੋਨੀਆ ਗਾਂਧੀ ਜੀ ਨੂੰ ਦੇ ਦਿੱਤੇ ਹਨ ਅਤੇ ਸੋਨੀਆਂ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਹੁਕਮ ਦੇ ਦਿੱਤੇ ਹਨ। ਦੂਜਿਆਂ ’ਤੇ ਉਂਗਲਾਂ ਚੁੱਕਣ ਵਾਲੇ ਅੱਜ ਖ਼ੁਦ ਆਪਣੀ ਕਮਾਨ ਦਿੱਲੀ ’ਚ ਬੈਠੇ ਕਾਂਗਰਸ ਪ੍ਰਧਾਨਾਂ ਨੂੰ ਦੇ ਚੁੱਕੇ ਹਨ।  ਉਨ੍ਹਾਂ  ਕਿਹਾ ਕਿ ਡੈਮੋਕ੍ਰੇਟਿਕ ਤਰੀਕੇ ਨਾਲ ਅਸੀਂ ਪੰਜਾਬ ਦੇ ਲੋਕਾਂ ਵਲੋਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਚਿਹਰਾ ਐਲਾਨਿਆਂ ਹੈ ਅਤੇ ਕਾਂਗਰਸ ਪਾਰਟੀ ਅੱਜ ਉਨ੍ਹਾਂ ਦੀ ਨਕਲ ਕਰ ਕੇ ਸੀ.ਐੱਮ. ਦੀ ਚੋਣ ਕਰ ਰਹੇ ਹਨ। ਚੰਨੀ ’ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਉਹ ਚਮਕੌਰ ਸਾਹਿਬ ਤੋਂ ਹਾਰਨ ਵਾਲੇ ਹਨ ਇਸ ਲਈ ਉਨ੍ਹਾਂ ਨੇ ਭੰਦੋੜ ਤੋਂ ਵੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਪਰ ਇਨ੍ਹਾਂ ਦੋਵਾਂ ਸੀਟਾਂ ’ਤੇ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਵੇਗੀ।

ਇਹ ਵੀ ਪੜ੍ਹੋ : ਮੁਕਤਸਰ ‘ਚ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਦੋ ਲੀਡਰ ਪਾਰਟੀ ਨੂੰ ਕਹਿ ਸਕਦੇ ਨੇ ਅਲਵਿਦਾ

ਅਕਾਲੀ ਦਲ ’ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਲਗਾਤਾਰ ਦਿੱਲੀ ਸਰਕਾਰ ’ਤੇ ਇਲਜ਼ਾਮ ਲਗਾਉਂਦੇ ਹਨ ਪੰਥਕ ਜੱਥੇਬੰਦੀਆਂ ਦਾ ਹਿੱਸੇਦਾਰ ਹੋਣ ਦਾ ਨਾਤੇ ਉਹ ਪਹਿਲਾਂ ਪੰਜਾਬ ’ਚ ਤਾਂ ਆਪਣੇ ਮਸਲੇ ਹੱਲ ਕਰ ਲੈਣ ਫ਼ਿਰ ਉਹ ਦਿੱਲੀ ਵੱਲ ਰੁਖ ਕਰਨ। ਕਾਂਗਰਸ ਪਾਰਟੀ ਦੇ ਆਗੂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗਲਤ ਸ਼ਬਦਾਵਲੀ ਵਰਤਣ ਵਾਲੀ ਘਟਨਾ ’ਤੇ ਬੋਲਦਿਆਂ ਜਰਨੈਲ ਸਿੰਘਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਲਈ ਗੁਰੂ ਸਾਹਿਬਾਨ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਲਗਾਤਾਰ ਧਾਰਮਿਕ ਸਥਾਨਾਂ ’ਤੇ ਬੇਅਦਬੀ ਅਤੇ ਗਲਤ ਸ਼ਬਦਾਵਲੀ ਵਾਲੀਆਂ ਘਟਨਾ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ ਅਤੇ ਉਨ੍ਹਾਂ ਨੂੰ ਇਸ ਲਈ ਗੁਰਦੁਆਰਾ ਸਾਹਿਬ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਰਕਾਰਾਂ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ ਅਤੇ ਉਹ ਹੁਣ ਬਦਲ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News