ਆਮ ਆਦਮੀ ਪਾਰਟੀ ਨੇ ਬਲਾਤਕਾਰ ਪੀੜਤ ਲੜਕੀ ਨੂੰ ਇਨਸਾਫ ਦਵਾਉਣ ਲਈ ਕੀਤਾ ਪ੍ਰਦਰਸ਼ਨ

Monday, Oct 05, 2020 - 01:02 PM (IST)

ਆਮ ਆਦਮੀ ਪਾਰਟੀ ਨੇ ਬਲਾਤਕਾਰ ਪੀੜਤ ਲੜਕੀ ਨੂੰ ਇਨਸਾਫ ਦਵਾਉਣ ਲਈ ਕੀਤਾ ਪ੍ਰਦਰਸ਼ਨ

ਤਪਾ ਮੰਡੀ(ਮੇਸ਼ੀ)—ਅੱਜ ਸਥਾਨਕ ਅੱਗਰਵਾਲ ਧਰਮਸ਼ਾਲਾ ਵਿਖੇ ਆਪ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਅਤੇ ਯੂ ਪੀ ਸਰਕਾਰ ਦੇ ਮੁੱਖ ਮੰਤਰੀ ਅਦਿੱਤਿਯਾ ਨਾਥ ਯੋਗੀ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬੱਸ ਸਟੈਂਡ 'ਤੇ ਪੁੱਜ ਕੇ ਇਨ੍ਹਾਂ ਦੇ ਪੁਤਲੇ ਫੂਕਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਆਪ ਪਾਰਟੀ ਦੇ ਹਲਕਾ ਭਦੋੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਆਪਣੇ ਸਾਥੀਆਂ ਸਮੇਤ ਪੁੱਜ ਕੇ ਦੱਸਿਆ ਕਿ ਦੇਸ਼ ਅੰਦਰ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਕਿਉਂਕਿ ਇਸ ਦੀਆਂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ। ਜਿਸ ਦਾ ਕਾਰਨ ਦੇਸ਼ 'ਚ ਮੋਦੀ ਦੀ ਤਾਨਾਸਾਹੀ ਸਰਕਾਰ 'ਚ ਹਰ ਵਰਗ ਦੇ ਲੋਕ ਔਰਤਾਂ-ਲੜਕੀਆਂ ਅਤੇ ਬਜੁਰਗ ਆਦਿ ਅਸੁਰੱਖਿਅਤ ਹਨ। ਜਿਸ ਦੀਆਂ ਕਈ ਮਿਸਾਲਾਂ ਹਨ ਪਰ ਯੂ ਪੀ ਦੇ ਪਿੰਡ ਹਾਥਰਸ ਅੰਦਰ ਲੜਕੀ ਨਾਲ ਗੈਂਗਰੇਪ ਹੋਣ ਮਗਰੋਂ ਉਸ ਦੀ ਰੀੜ ਦੀ ਹੱਡੀ ਤੋੜ ਕੇ ਜੀਭ ਵੱਢਣ ਵਰਗੇ ਦੁੱਖਦਈ ਜੁਰਮ ਮਗਰੋਂ ਉਸ ਦੀ ਮੋਤ ਹੋਣ 'ਤੇ ਵੀ ਕੋਈ ਠੋਸ ਕਾਰਵਾਈ ਨਾ ਹੋਣਾ ਮੰਦਭਾਗੀ ਘਟਨਾ ਦੀ ਨਿੰਦਾ ਕਰਦਾ ਹੈ। ਜਿਸ ਦੇ ਜ਼ਿੰਮੇਵਾਰ ਸਿੱਧੇ ਤੌਰ 'ਤੇ ਯੋਗੀ ਤੇ ਮੋਦੀ ਸਰਕਾਰ ਹੈ, ਪਰ ਜਦ ਪੂਰੇ ਦੇਸ਼ 'ਚ ਔਰਤਾਂ ਅਤੇ ਮਰਦਾਂ ਦੇ ਗੁੱਸੇ ਦਾ ਲਾਵਾ ਫੁੱਟਿਆ ਤਾਂ ਕਈ ਦਿਨ ਬੀਤਣ ਮਗਰੋਂ ਲੋਕਲ ਪ੍ਰਸ਼ਾਸਨ ਨੂੰ ਜਾਗ ਆਈ ਪਰ ਫਿਰ ਵੀ ਠੋਸ ਕਾਰਵਾਈ ਨਾ ਕਰਦਿਆਂ ਬਲਾਤਕਾਰੀਆਂ ਨੂੰ ਲੁਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ ਅਤੇ ਨਾਕਾਰਾ ਸਾਬਤ ਹੋ ਰਹੀ ਹੈ। ਦੇਸ਼ 'ਚ ਵਧਦੇ ਜੁਰਮਾਂ ਖ਼ਿਲਾਫ਼ ਅੱਜ ਦੇਸ਼ ਦੇ ਸਹਿਰਾਂ ਤੋਂ ਪਿੰਡਾਂ ਤੱਕ ਥਾਂ-ਥਾਂ ਸੜਕਾਂ ਤੇ ਰੋਸ ਪ੍ਰਦਰਸ਼ਨ ਦਿਖਾਈ ਦੇ ਰਹੇ ਹਨ। ਪਰ ਸਰਕਾਰ ਦੀ ਚੁੱਪੀ ਆਪਣੇ ਬਲਾਤਕਾਰੀ ਸਾਥੀਆਂ ਨੂੰ ਬਚਾਉਣ 'ਚ ਲੱਗੀ ਹੋਈ ਹੈ। ਜਿਸ ਕਰਕੇ ਲੋਕਾਂ ਵੱਲੋਂ ਲੜਕੀ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ ਅਤੇ ਹੋਰ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਇਸੇ ਤਰਾਂ ਹੀ ਅੱਜ ਤਪਾ ਦੇ ਬੱਸ ਸਟੈਂਡ 'ਤੇ ਆਪ ਪਾਰਟੀ ਵੱਲੋਂ ਦੋਸ਼ੀਆਂ ਨੂੰ ਸਖਤ ਸਜ਼ਾ ਅਤੇ ਲੜਕੀ ਦੇ ਮਾਪਿਆਂ ਨੂੰ ਇਨਸਾਫ ਦਿਵਾਉਣ ਲਈ ਮੋਦੀ ਅਤੇ ਅਦਿੱਤਿਆ ਨਾਥ ਯੋਗੀ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦੇ ਪੁੱਤਲੇ ਫੁਕੇ ਗਏ ਹਨ। ਤਾਂ ਜੋ ਸੁੱਤੀ ਪਈ ਸਰਕਾਰ ਨੂੰ ਲੜਕੀਆਂ ਅਤੇ ਔਰਤਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਸੁਰੱਖਿਆ ਅਤੇ ਇਨਸਾਫ ਲਈ ਅੱਖਾਂ ਖੁੱਲ੍ਹ ਸਕਣ। ਹਲਕਾ ਵਿਧਾਇਕ ਧੌਲਾ ਨੇ ਅੱਗੇ ਕਿਹਾ ਕਿ ਇਸ ਸਰਕਾਰ ਤੋਂ ਹਰ ਵਰਗ ਦੁਖੀ ਹੈ ਮਹਿੰਗਾਈ 'ਚ ਵਾਧਾ ਹੋਇਆ ਹੈ ਹਰ ਵਰਗ ਨਾਲ ਧੱਕੇਸਾਹੀ ਕਰਕੇ ਮੋਦੀ ਸਰਕਾਰ ਨੇ ਦੇਸ਼ ਦਾ ਵਿਨਾਸ਼ ਕੀਤਾ ਹੈ ਜਿਸ ਕਰਕੇ ਲੋਕਾਂ ਨੂੰ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਇਸ ਮੌਕੇ ਵੱਡੀ ਗਿਣਤੀ 'ਚ ਪੰਚ-ਸਰਪੰਚ ਅਤੇ ਆਪ ਪਾਰਟੀ ਦੇ ਵਰਕਰਾਂ ਸਮੇਤ ਅਤੇ ਆਮ ਜਨਤਾ ਹਾਜ਼ਰ ਸੀ।


author

Aarti dhillon

Content Editor

Related News