ਅਧਿਆਪਕਾਂ ਦੀਆਂ ਬਦਲੀਆਂ ਵਿਰੁੱਧ ਸਿੱਖਿਆ ਅਧਿਕਾਰੀਆਂ ਦੀ ਹੋਈ ਜ਼ਬਰਦਸਤ ਘੇਰਾਬੰਦੀ

Sunday, Nov 04, 2018 - 03:40 AM (IST)

ਅਧਿਆਪਕਾਂ ਦੀਆਂ ਬਦਲੀਆਂ ਵਿਰੁੱਧ ਸਿੱਖਿਆ ਅਧਿਕਾਰੀਆਂ ਦੀ ਹੋਈ ਜ਼ਬਰਦਸਤ ਘੇਰਾਬੰਦੀ

ਮਾਨਸਾ, (ਸੰਦੀਪ ਮਿੱਤਲ)- ਜ਼ਿਲੇ ਦੇ 7 ਪ੍ਰਾਇਮਰੀ ਸਕੂਲਾਂ ਅੱਗੇ ਪਿੰਡ ਵਾਸੀਅਾਂ ਦੇ ਲਾਏ ਪੱਕੇ ਮੋਰਚੇ ਨੂੰ ਤੋਡ਼ਣ ਲਈ ਸਿੱਖਿਆ ਅਧਿਕਾਰੀਅਾਂ ਦੇ ਯਤਨਾਂ ਨੂੰ ਅੱਜ ਵੀ ਬੂਰ ਨਾ ਪੈ ਸਕਿਆ, ਸਗੋਂ ਉਨ੍ਹਾਂ ਨੂੰ ਸਕੂਲਾਂ ਨੂੰ ਜਿੰਦਰੇ ਲਾਈ ਬੈਠੇ ਧਰਨਾਕਾਰੀਅਾਂ ਦੀਅਾਂ ਖਰੀਅਾਂ-ਖੋਟੀਅਾਂ ਸੁਣਨੀਅਾਂ ਪਈਅਾਂ। 
ਆਗੂਆਂ ਨੇ ਚਿਤਾਵਨੀ  ਭਰੇ  ਲਹਿਜ਼ੇ ’ਚ ਕਿਹਾ ਕਿ ਉਹ ਅਧਿਆਪਕਾਂ ਦਾ ਮਸਲਾ ਹੱਲ ਹੋਣ ਤੱਕ ਸਿੱਖਿਆ ਅਧਿਕਾਰੀਆਂ ਨੂੰ ਅਾਪਣੇ ਸਕੂਲਾਂ ’ਚ ਨਹੀਂ ਵਡ਼ਨ ਦੇਣਗੇ। ਪਿੰਡ ਤਾਮਕੋਟ ਵਿਖੇ ਤਾਂ ਰੋਹ ’ਚ ਆਏ ਲੋਕਾਂ ਨੇ ਡਿਪਟੀ ਡੀ. ਈ. ਓ., ਬੀ. ਪੀ. ਈ. ਓ. ਅਤੇ ‘ਪਡ਼੍ਹੋ ਪੰਜਾਬ’ ਟੀਮ ਦੇ ਮੈਂਬਰ ਨੂੰ ਇਕ ਘੰਟੇ ਤੱਕ ਜ਼ਬਰ-ਦਸਤ ਘੇਰਾਬੰਦੀ ਕਰਦਿਅਾਂ ਉਨ੍ਹਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਰੱਲਾ ਵਿਖੇ ਡਿਪਟੀ ਡੀ. ਈ. ਓ. ਤੋਂ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।
 ਜ਼ਿਲੇ ਦੇ 12 ਅਧਿਆਪਕਾਂ ਦੀਆਂ  ਦੂਰ-ਦੁਰਾਡੇ ਹੋਈਆਂ  ਬਦਲੀਅਾਂ ਕਾਰਨ ਪ੍ਰਭਾਵਿਤ 11 ਸਕੂਲਾਂ ਤਹਿਤ 6 ਪ੍ਰਾਇਮਰੀ ਸਕੂਲਾਂ ਦੀ ਮੁਕੰਮਲ ਤਾਲਾਬੰਦੀ ਰਹੀ, ਜਦੋਂ ਕਿ ਸ. ਸ. ਸ. ਸ. ਬੁਰਜ ਹਰੀ ਵਿਖੇ ਸਿੱਖਿਆ ਸਕੱਤਰ ਦੀ ਅਰਥੀ ਸਾਡ਼ੀ ਗਈ। ਸਰਕਾਰੀ ਹਾਈ ਸਕੂਲ ਦਲੇਲ ਵਾਲਾ ਵਿਖੇ ਪਿੰਡ ਵਾਸੀ ਵਿਦਿਆਰਥੀਅਾਂ ਸਮੇਤ ਸਕਕਾਰ ਵਿਰੁੁੱਧ ਨਾਅਰੇਬਾਜ਼ੀ ਕਰਦੇ ਰਹੇ। ਜ਼ਿਲਾ ਸਿੱਖਿਆ ਅਫਸਰ (ਐਲੀ ਸਿੱਖਿਆ) ਰਾਜਿੰਦਰ ਕੌਰ ਨੇ ਸ. ਪ੍ਰ. ਸ. ਰੱਲਾ ਵਿਖੇ  ਅਤੇ ਡਿਪਟੀ ਡੀ. ਈ. ਓ. ਰਾਮਜੀਤ ਸਿੰਘ ਨੇ ਰੱਲਾ, ਭੁਪਾਲ ਪਲਾਂਟ, ਤਾਮਕੋਟ, ਕੱਲ੍ਹੋ ਦੇ ਪ੍ਰਾਇਮਰੀ ਸਕੂਲਾਂ ਨੂੰ ਲੱਗੇ ਤਾਲੇ ਖੁਲ੍ਹਵਾਉਣ ਦੇ ਯਤਨ ਕੀਤੇ ਪਰ ਸਾਰਿਅਾਂ ਪਾਸਿਓਂ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਪਿੰਡ ਤਾਮਕੋਟ ਵਿਖੇ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਸਿੱਖਿਆ ਅਧਿਕਾਰੀ ਨੂੰ ਘੇਰਦਿਅਾਂ ਲੋਕਾਂ ਨੇ  ਨਾਅਰੇਬਾਜ਼ੀ ਕੀਤੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਜੇਕਰ ਸਿੱਖਿਆ ਦਾ ਘਾਣ ਕਰ ਰਹੇ ਸਿੱਖਿਆ ਸਕੱਤਰ ਨੂੰ ਚਲਦਾ ਨਾ ਕੀਤਾ ਗਿਆ ਅਤੇ ਅਧਿਆਪਕਾਂ ਦੀਅਾਂ ਬਦਲੀਅਾਂ ਰੱਦ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਰੱਲਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਗੋਰਾ ਸਿੰਘ ਭੈਣੀ ਬਾਘਾ ਨੇ  ਸੰਬੋਧਨ ਕੀਤਾ। ਭੁਪਾਲ ਵਿਖੇ ਗੁਰੇਲ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ ਚੇਅਰਮੈਨ, ਜਗਦੇਵ ਸਿੰਘ, ਸੁਖਚੈਨ ਸਿੰਘ, ਪਰਮਜੀਤ ਕੌਰ, ਕਰਮਜੀਤ ਕੌਰ, ਸੁਰਜੀਤ ਸਿੰਘ, ਗੁਰਮੇਲ ਸਿੰਘ ਤੇ ਦਲੇਲ ਵਾਲਾ ਵਿਖੇ ਪ੍ਰੋ. ਬਿਕਰਜੀਤ ਸਿੰਘ ਸਾਧੂਵਾਲਾ ਨੇ ਵੀ ਸੰਬੋਧਨ ਕੀਤਾ। 


Related News