ਆਗੂਆਂ ਨੂੰ ਝੂਠੇ ਕੇਸਾਂ ’ਚ ਫਸਾਉਣ ਖ਼ਿਲਾਫ਼ ਕਿਸਾਨਾਂ-ਮਜ਼ਦੂਰਾਂ ਘੇਰਿਆ ਲੰਬੀ ਥਾਣਾ

Saturday, Apr 03, 2021 - 05:58 PM (IST)

ਆਗੂਆਂ ਨੂੰ ਝੂਠੇ ਕੇਸਾਂ ’ਚ ਫਸਾਉਣ ਖ਼ਿਲਾਫ਼ ਕਿਸਾਨਾਂ-ਮਜ਼ਦੂਰਾਂ ਘੇਰਿਆ ਲੰਬੀ ਥਾਣਾ

ਲੰਬੀ (ਜੁਨੇਜਾ)-ਲੰਬੀ ਥਾਣੇ ਅਧੀਨ ਆਉਂਦੇ ਇਕ ਪਿੰਡ ਦੀ ਦਲਿਤ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਪੀੜਤਾ ਦੀ ਵੀਡੀਓ ਵਾਇਰਲ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ’ਚ ਲੋਕ-ਪੱਖੀ ਭੂਮਿਕਾ ਨਿਭਾਉਣ ਵਾਲੇ ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਆਗੂਆਂ ਨੂੰ ਉਲਟਾ ਦੋਸ਼ੀਆਂ ਵੱਲੋਂ ਕਾਂਗਰਸੀ, ਭਾਜਪਾ ਆਗੂਆਂ ਅਤੇ ਪੁਲਸ ਦੀ ਮਿਲੀਭੁਗਤ ਨਾਲ ਝੂਠੇ ਕੇਸ ’ਚ ਫਸਾਉਣ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਜਿਸ ਖਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਸੈਂਕੜੇ ਮਰਦਾਂ, ਔਰਤਾਂ ਤੇ ਨੌਜਵਾਨਾਂ ਵੱਲੋਂ ਲੰਬੀ ਥਾਣਾ ਘੇਰ ਕੇ ਰੋਹ ਭਰਪੂਰ ਧਰਨਾ ਦਿੱਤਾ ਗਿਆ ।

PunjabKesari

ਇਸ ਵਿਸ਼ਾਲ ਧਰਨੇ ਨੂੰ ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਗੁਰਪਾਸ਼ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਸਿੰਘੇਵਾਲਾ, ਭੁਪਿੰਦਰ ਸਿੰਘ ਚੰਨੂੰ, ਬਲਾਕ ਸੰਗਤ ਦੇ ਆਗੂ ਕੁਲਵੰਤ ਰਾਏ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾ. ਮਨਜਿੰਦਰ ਸਿੰਘ ਸਰਾਂ, ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਟਗੁਰੂ ਤੇ ਅਧਿਆਪਕ ਆਗੂ ਕੁਲਦੀਪ ਸ਼ਰਮਾ ਨੇ ਸੰਬੋਧਨ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਸਮੇਂ ਵਿਚ ਵਾਪਰੀ ਬਲਾਤਕਾਰ ਦੀ ਘਟਨਾ ’ਚ ਨਾਮਜ਼ਦ ਇਕ ਜਾਗੀਰਦਾਰ ਨੂੰ ਬਚਾਉਣ ਲਈ ਇਲਾਕੇ ਦੇ ਅਕਾਲੀ, ਕਾਂਗਰਸੀ ਲੀਡਰਾਂ ਵੱਲੋਂ ਪੀੜਤ ਪਰਿਵਾਰ ਸਮੇਤ ਮਜ਼ਦੂਰ ਕਿਸਾਨ ਆਗੂਆਂ ਉਤੇ ਸਮਝੌਤੇ ਲਈ ਦਬਾਅ ਪਾਇਆ ਗਿਆ ਸੀ ਪਰ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਸਮਝੌਤਾ ਤਜਵੀਜ਼ ਠੁਕਰਾ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਇਸੇ ਗੱਲ ਤੋਂ ਖ਼ਫ਼ਾ ਹੋ ਕੇ ਪਿੰਡ ਦੇ ਕਾਂਗਰਸੀ ਸਰਪੰਚ ਅਤੇ ਇਲਾਕੇ ਦੇ ਕਾਂਗਰਸੀ ਤੇ ਭਾਜਪਾ ਆਗੂਆਂ ਵੱਲੋਂ ਦੋਸ਼ੀ ਜਾਗੀਰਦਾਰ ਦੇ ਪਰਿਵਾਰ ਦੀ ਜ਼ਮੀਨ ਵਾਹ ਰਹੇ ਇਕ ਕਾਂਗਰਸੀ ਦਲਿਤ ਪੰਚਾਇਤ ਮੈਂਬਰ ਤੋਂ ਕਿਸਾਨ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ ਤੇ ਦਲਜੀਤ ਸਿੰਘ ਮਿਠੜੀ ਬੁੱਧਗਿਰ ਸਮੇਤ ਹੋਰ ਕਿਸਾਨ ਆਗੂਆਂ ਖਿਲਾਫ ਉਸ ਨੂੰ ਜਾਤੀਸੂਚਕ ਸ਼ਬਦ ਬੋਲਣ ਦੀ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਦੇ ਆਧਾਰ 'ਤੇ ਪੁਲਸ ਵੱਲੋਂ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਤਿਆਰੀ ਵਿੱਢੀ ਹੋਈ ਹੈ। ਉਨ੍ਹਾਂ ਇਹ ਦੋਸ਼ ਲਾਇਆ ਕਿ ਕਿਸਾਨ ਆਗੂ ਦਲਜੀਤ ਸਿੰਘ ਤੇ ਉਸ ਦੀ ਪਤਨੀ ਉੱਤੇ ਹਮਲਾ ਕਰਨ, ਕਿਸਾਨ ਆਗੂ ਦੀ ਦਾੜ੍ਹੀ ਪੁੱਟ ਕੇ ਤੇ ਪੱਗ ਉਤਾਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਾਂਗਰਸੀ ਸਰਪੰਚ ਖਿਲਾਫ ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਪੁਲਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ।

ਉਨ੍ਹਾਂ ਮੰਗ ਕੀਤੀ ਕਿ ਕਿਸਾਨ ਆਗੂਆਂ ਨੂੰ ਝੂਠੇ ਕੇਸ 'ਚ ਫਸਾਉਣ ਦੀਆਂ ਸਾਜ਼ਿਸ਼ਾਂ ਬੰਦ ਕੀਤੀਆਂ ਜਾਣ, ਮਜ਼ਦੂਰ ਆਗੂ ’ਤੇ ਪਾਇਆ ਝੂਠਾ ਕੇਸ ਰੱਦ ਕੀਤਾ ਜਾਵੇ, ਕਿਸਾਨ ਆਗੂ ਤੇ ਉਸ ਦੀ ਪਤਨੀ ’ਤੇ ਹਮਲਾ ਕਰਨ ਵਾਲੇ ਕਾਂਗਰਸੀ ਸਰਪੰਚ ਖਿਲਾਫ ਬਣਦਾ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਸਾਉਂਕੇ, ਡਾਕਟਰ ਹਰਪਾਲ ਸਿੰਘ ਕਿੱਲਿਆਂਵਾਲੀ, ਨਿਸ਼ਾਨ ਸਿੰਘ ਕੱਖਾਂਵਾਲੀ, ਦਲਜੀਤ ਸਿੰਘ ਮਿਠੜੀ ਬੁੱਧਗਿਰ, ਮਨੋਹਰ ਸਿੰਘ ਸਿੱਖਾਂਵਾਲਾ, ਡਾਕਟਰ ਜਗਦੀਸ਼ ਕੁਮਾਰ, ਕਾਕਾ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਖੂਨਣ ਖੁਰਦ ਆਦਿ ਆਗੂਆਂ ਨੇ ਸੰਬੋਧਨ ਕੀਤਾ।


author

Anuradha

Content Editor

Related News