ਫ਼ਿਰੋਜ਼ਪੁਰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕੈਦੀ ਹੋਇਆ ਫ਼ਰਾਰ, ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ
Saturday, Jul 16, 2022 - 12:01 PM (IST)

ਫ਼ਿਰੋਜ਼ਪੁਰ (ਕੁਮਾਰ): ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਕੈਦੀ ਗੁਰਦੀਪ ਸਿੰਘ ਉਰਫ਼ ਦੀਪੂ ਪੁੱਤਰ ਲਖਵਿੰਦਰ ਸਿੰਘ ਹਸਪਤਾਲ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐੱਸ.ਆਈ ਬਲਬੀਰ ਸਿੰਘ ਨੇ ਦੱਸਿਆ ਕਿ ਕੈਦੀ ਦੇ ਫ਼ਰਾਰ ਹੋਣ ਦੇ ਸਬੰਧ ’ਚ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਸ ਨੇ ਕੈਦੀ ਗੁਰਦੀਪ ਸਿੰਘ ਅਤੇ ਹਸਪਤਾਲ ’ਚ ਸੁਰੱਖਿਆ ਲਈ ਤਾਇਨਾਤ ਗਾਰਦ ਏ.ਐੱਸ.ਆਈ ਵੀਰ ਸਿੰਘ, ਐੱਚ.ਸੀ ਕਮਲ ਕੁਮਾਰ, ਅਮਰੀਕ ਸਿੰਘ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਜਸਵੰਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕੈਦੀ ਦੀ ਗ੍ਰਿਫ਼ਤਾਰੀ ਲਈ ਸ਼ੱਕੀ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੈਸ ਏਜੰਸੀ ਦੇ ਕਰਿੰਦਿਆਂ ਤੋਂ ਨਕਾਬਪੋਸ਼ ਲੁਟੇਰੇ 47 ਹਜ਼ਾਰ ਲੁੱਟ ਕੇ ਫਰਾਰ
ਬਲਬੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਿਵਲ ਹਸਪਤਾਲ ਦੇ ਆਰਥੋ ਸਪੈਸ਼ਲਿਸਟ ਡਾਕਟਰ ਤਨੀਸ਼ ਕਿਨਰਾ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਹਸਪਤਾਲ 'ਚ ਡਿਊਟੀ ’ਤੇ ਮੌਜੂਦ ਸਟਾਫ਼ ਨੇ ਦੱਸਿਆ ਕਿ ਕੈਦੀ ਗੁਰਦੀਪ ਸਿੰਘ 14 ਜੁਲਾਈ ਦੀ ਰਾਤ ਕਰੀਬ 8:15 ਵਜੇ ਤੋਂ ਵਾਰਡ ’ਚੋਂ ਗਾਇਬ ਹੈ ਅਤੇ ਫ਼ਰਾਰ ਹੋ ਗਿਆ ਹੈ। ਡਾ:ਤਨੀਸ਼ ਕਿਨਰਾ ਵੱਲੋਂ ਚੈੱਕ ਕੀਤਾ ਗਿਆ ਤਾਂ ਡਿਊਟੀ ’ਤੇ ਕੋਈ ਵੀ ਸੁਰੱਖਿਆ ਕਰਮਚਾਰੀ ਮੌਜੂਦ ਨਹੀ ਸੀ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਡਿਊਟੀ ’ਚ ਅਣਗਹਿਲੀ ਵਰਤਣ ਕਾਰਨ ਕੈਦੀ ਭੱਜਣ ’ਚ ਕਾਮਯਾਬ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੈਦੀ ਖ਼ਿਲਾਫ਼ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਥਾਣਾ ਸਦਰ ਮੋਗਾ ਅਤੇ ਥਾਣਾ ਕੁਲਗੜ੍ਹੀ ’ਚ ਕੇਸ ਦਰਜ ਹਨ।