ਮੈਡੀਕਲ ਸਟੋਰ ਵਾਲੇ ਵਲੋਂ ਕੀਤੇ ਗਲਤ ਇਲਾਜ ਕਾਰਨ 9 ਸਾਲਾ ਬੱਚੇ ਦੀ ਮੌਤ

Saturday, Nov 02, 2019 - 08:36 PM (IST)

ਮੈਡੀਕਲ ਸਟੋਰ ਵਾਲੇ ਵਲੋਂ ਕੀਤੇ ਗਲਤ ਇਲਾਜ ਕਾਰਨ 9 ਸਾਲਾ ਬੱਚੇ ਦੀ ਮੌਤ

ਸਾਹਨੇਵਾਲ/ਕੁਹਾੜਾ, (ਜਗਰੂਪ)— ਕੰਗਣਵਾਲ ਦੇ ਇਲਾਕੇ 'ਚ ਸਥਿਤ ਮੱਕੜ ਕਾਲੋਨੀ ਦੇ ਰਹਿਣ ਵਾਲੇ ਇਕ 9 ਸਾਲਾਂ ਮਾਸੂਮ ਬੱਚੇ ਨੂੰ ਮੈਡੀਕਲ ਸਟੋਰ ਚਲਾਉਣ ਵਾਲੇ ਝੋਲਾਛਾਪ ਅਖੌਤੀ ਡਾਕਟਰ ਵਲੋਂ ਗਲਤ ਇਲਾਜ ਦੇਣ ਦੇ ਚਲਦੇ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਜਿਸ ਦੇ ਬਾਅਦ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਮੈਡੀਕਲ ਸਟੋਰ ਦੇ ਬਾਹਰ ਧਰਨਾ ਲਾ ਦਿੱਤਾ, ਜਿਸ 'ਤੇ ਮੌਕੇ 'ਤੇ ਪਹੁੰਚੀ ਚੌਂਕੀ ਕੰਗਣਵਾਲ ਦੀ ਪੁਲਸ ਨੇ ਮ੍ਰਿਤਕ ਬੱਚੇ ਦੇ ਪਿਤਾ ਰਾਮ ਪ੍ਰਵੇਸ਼ ਵਾਸੀ ਯੂ. ਪੀ. ਹਾਲ ਵਾਸੀ ਮੱਕੜ ਕਾਲੋਨੀ ਦੇ ਬਿਆਨਾਂ 'ਤੇ ਗੁਲਸ਼ਨ ਕਲੀਨਕ ਦੇ ਨਾਮ 'ਤੇ ਮੈਡੀਕਲ ਸਟੋਰ ਚਲਾਉਣ ਵਾਲੇ ਗਰੀਸ਼ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਅਰਜਨ ਮੋਰੀਆ ਦੇ ਪਿਤਾ ਰਾਮ ਪ੍ਰਵੇਸ਼ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਅਰਜਨ ਦੀ ਸਿਹਤ ਉਲਟੀਆਂ ਅਤੇ ਦਸਤ ਲੱਗਣ ਕਾਰਨ ਕਾਫੀ ਵਿਗੜ ਗਈ, ਜਿਸ ਨੂੰ ਉਹ ਗੁਲਸ਼ਨ ਕਲੀਨਿਕ 'ਤੇ ਲੈ ਗਏ। ਜਿਥੇ ਗਰੀਸ਼ ਕੁਮਾਰ ਨੇ ਅਰਜੁਨ ਨੂੰ ਦਵਾਈ ਦਿੱਤੀ ਤੇ ਘਰ ਭੇਜ ਦਿੱਤਾ। ਬੀਤੇ ਸ਼ੁੱਕਰਵਾਰ ਅਰਜਨ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਉਹ ਮੁੜ ਤੋਂ ਗੁਲਸ਼ਨ ਕਲੀਨਿਕ ਹੀ ਲੈ ਗਏ। ਜਿਥੇ ਗਰੀਸ਼ ਕੁਮਾਰ ਨੇ ਉਸਨੂੰ ਗੁਲੂਕੋਜ਼ ਲਗਾਉਂਦੇ ਹੋਏ ਇੰਜੈਕਸ਼ਨ ਲਗਾ ਦਿੱਤੇ, ਜਿਸਦੀ ਸਿਹਤ ਦੇਰ ਰਾਤ ਕਾਫੀ ਜ਼ਿਆਦਾ ਵਿਗੜਨ ਦੇ ਬਾਅਦ ਗਰੀਸ਼ ਨੇ ਉਨ੍ਹਾਂ ਨੂੰ ਬੱਚੇ ਨੂੰ ਸਿਵਲ ਹਸਪਤਾਲ ਲਿਜਾਣ ਲਈ ਕਹਿ ਦਿੱਤਾ। ਜਦੋਂ ਉਹ ਬੱਚੇ ਨੂੰ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਉਹ ਬੱਚੇ ਨੂੰ ਵਾਪਸ ਘਰ ਲੈ ਆਏ।

ਮੈਡੀਕਲ ਸਟੋਰ ਦੇ ਬਾਹਰ ਲਗਾਇਆ ਧਰਨਾ
ਸੂਤਰਾਂ ਅਨੁਸਾਰ ਮ੍ਰਿਤਕ ਅਰਜਨ ਮੌਰੀਆ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਗੁਲਸ਼ਨ ਮੈਡੀਕਲ ਸਟੋਰ ਦੇ ਬਾਹਰ ਧਰਨਾ ਲਗਾ ਦਿੱਤਾ, ਜਿਸਦੀ ਸੂਚਨਾ ਮਿਲਣ ਦੇ ਬਾਅਦ ਚੌਕੀ ਕੰਗਣਵਾਲ ਦੀ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ। ਪੁਲਸ ਨੇ ਰਾਮ ਪ੍ਰਵੇਸ਼ ਦੇ ਬਿਆਨਾਂ 'ਤੇ ਗਰੀਸ਼ ਕੁਮਾਰ ਖਿਲਾਫ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

KamalJeet Singh

Content Editor

Related News