ਵਰਕ ਪਰਮਿਟ ’ਤੇ ਜਰਮਨ ਭੇਜਣ ਦਾ ਝਾਂਸਾ ਦੇ ਕੇ 8 ਲੱਖ ਠੱਗੇ
Saturday, May 04, 2019 - 02:02 AM (IST)
ਮੋਗਾ, (ਆਜ਼ਾਦ)- ਪੁਰਾਣਾ ਮੋਗਾ ਨਿਵਾਸੀ ਦਵਿੰਦਰ ਸਿੰਘ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਜਰਮਨ ਭੇਜਣ ਦਾ ਝਾਂਸਾ ਦੇ ਕੇ ਇਕ ਟਰੈਵਲ ਏਜੰਟ ਲਡ਼ਕੀ ਵੱਲੋਂ ਅੱਠ ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀ ਲਡ਼ਕੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਦਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਨੇਡ਼ੇ ਗੁਰਦੁਆਰਾ ਬਾਬਾ ਮੱਲ ਸਿੰਘ ਪੁਰਾਣਾ ਮੋਗਾ ਨੇ ਕਿਹਾ ਕਿ ਕਥਿਤ ਦੋਸ਼ੀ ਨਿਸ਼ਾ ਨਿਵਾਸੀ ਮੁਹੱਲਾ ਸੈਦਾ ਪੁਰਾਣਾ ਮੋਗਾ ਨਾਲ ਉਸ ਦੀ ਅਗਸਤ 2018 ਨੂੰ ਵਿਦੇਸ਼ ਜਾਣ ਲਈ ਗੱਲ ਹੋਈ ਸੀ ਤਾਂ ਉਸ ਨੇ ਮੈਨੂੰ ਜਰਮਨ ਭੇਜਣ ਲਈ 20 ਲੱਖ ਰੁਪਏ ਖਰਚਾ ਆਉਣ ਬਾਰੇ ਕਿਹਾ। ਉਸ ਨੇ ਮੈਨੂੰ ਕਿਹਾ ਕਿ ਉਹ ਪਹਿਲਾਂ ਵੀ 3-4 ਲਡ਼ਕਿਆਂ ਨੂੰ ਜਰਮਨ ਭੇਜ ਚੁੱਕੀ ਹੈ, ਜੋ ਉਥੇ ਚੰਗੀ ਕਮਾਈ ਕਰ ਰਹੇ ਹਨ। ਉਸ ਨੇ ਮੈਨੂੰ ਦੋ ਸਾਲ ਦਾ ਵਰਕ ਪਰਮਿਟ ਦਿਵਾਉਣ ਦੇ ਇਲਾਵਾ ਉਥੇ ਪੱਕਾ ਕਰਵਾਉਣ ਬਾਰੇ ਕਿਹਾ, ਜਿਸ ’ਤੇ ਮੈਂ ਉਸ ਦੇ ਝਾਂਸੇ ਵਿਚ ਆ ਗਿਆ। ਮੈਂ ਉਸ ਨੂੰ ਦੋ ਲੱਖ ਰੁਪਏ ਦੇ ਇਲਾਵਾ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੀ ਉਸ ਨੂੰ ਸੁਨੀਲ ਸੂਦ ਦੀ ਦੁਕਾਨ ’ਤੇ ਦੇ ਦਿੱਤੇ। ਉਸ ਨੇ ਮੈਨੂੰ 8-10 ਦਿਨਾਂ ਬਾਅਦ ਕਿਹਾ ਕਿ ਤੁਹਾਡੇ ਸਾਰੇ ਦਸਤਾਵੇਜ਼ ਤਿਆਰ ਹੋ ਗਏ ਹਨ। ਵਰਕ ਪਰਮਿਟ ਅਤੇ ਆਫਰ ਲੈਟਰ ਦੇ ਇਲਾਵਾ ਵੀਜ਼ਾ ਲੈਣ ਲਈ ਪੈਸਿਆਂ ਦੀ ਜ਼ਰੂਰਤ ਹੈ ਤਾਂ ਮੈਂ ਉਸ ਨੂੰ 4 ਲੱਖ ਰੁਪਏ ਦੇ ਦਿੱਤੇ, ਜਿਸ ਦੇ ਬਾਅਦ ਉਸ ਨੇ ਮੈਨੂੰ ਕਿਹਾ ਕਿ ਤੁਹਾਡਾ ਵੀਜ਼ਾ ਆਫਰ ਲੈਟਰ ਅਤੇ ਵਰਕ ਪਰਮਿਟ ਆ ਗਿਆ ਹੈ, ਜਿਸ ’ਤੇ ਮੈਂ ਉਸ ਦੇ ਕਹਿਣ ’ਤੇ ਟਿਕਟ ਅਤੇ ਕਰੰਸੀ ਲਈ ਦੋ ਲੱਖ ਰੁਪਏ ਹੋਰ ਦਿੱਤੇ। ਉਸ ਨੇ ਮੈਨੂੰ ਵਿਸ਼ਵਾਸ ਦਿਵਾਉਣ ਲਈ ਯੂ. ਕੋ. ਬੈਂਕ ਦਾ ਇਕ ਪੰਜ ਲੱਖ ਰੁਪਏ ਦਾ ਚੈੱਕ ਭਰ ਕੇ ਦੇ ਦਿੱਤਾ ਅਤੇ ਕਿਹਾ ਕਿ ਇਹ ਬਤੌਰ ਗਾਰੰਟੀ ਹੈ। ਇਸ ਦੇ ਬਾਅਦ ਉਹ ਮੈਨੂੰ ਟਾਲ-ਮਟੋਲ ਕਰਨ ਲੱਗੀ। ਉਸ ਨੇ ਨਾ ਤਾਂ ਮੈਨੂੰ ਜਰਮਨ ਭੇਜਿਆ ਅਤੇ ਨਾ ਹੀ ਮੇਰੇ 8 ਲੱਖ ਰੁਪਏ ਵਾਪਸ ਕੀਤੇ। ਜਦ ਅਸੀਂ ਉਸ ਵੱਲੋਂ ਦਿੱਤਾ ਗਿਆ ਪੰਜ ਲੱਖ ਦਾ ਚੈੱਕ ਬੈਂਕ ’ਚ ਲਾਇਆ ਤਾਂ ਪਤਾ ਲੱਗਾ ਕਿ ਉਕਤ ਖਾਤਾ ਕÎਥਿਤ ਲਡ਼ਕੀ ਨਿਸ਼ਾ ਦੀ ਮਾਤਾ ਦੇ ਨਾਂ ’ਤੇ ਹੈ, ਜਿਸ ’ਤੇ ਹਸਤਾਖਰ ਨਿਸ਼ਾ ਨੇ ਕੀਤੇ ਸਨ। ਉਹ ਵੀ ਬੈਂਕ ਤੋਂ ਇਸ ਕਾਰਨ ਪਾਸ ਨਾ ਹੋ ਸਕਿਆ। ਜਦ ਅਸੀਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਹ ਵੀ ਜਾਅਲੀ ਨਿਕਲੇ। ਇਸ ਤਰ੍ਹਾਂ ਸਾਡੇ ਨਾਲ ਉਸ ਨੇ ਧੋਖਾਦੇਹੀ ਕੀਤੀ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. (ਐੱਸ) ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਪਾਇਆ ਕਿ ਕਥਿਤ ਦੋਸ਼ੀ ਟਰੈਵਲ ਏਜੰਟ ਲਡ਼ਕੀ ਨੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਦਵਿੰਦਰ ਸਿੰਘ ਨੂੰ ਜਰਮਨ ਭੇਜਣ ਦਾ ਝਾਂਸਾ ਦੇ ਕੇ ਅੱਠ ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਦੇ ਬਾਅਦ ਥਾਣਾ ਸਿਟੀ ਸਾਊਥ ਮੋਗਾ ਵਿਚ ਕਥਿਤ ਦੋਸ਼ੀ ਲਡ਼ਕੀ ਨਿਸ਼ਾ ਪੁੱਤਰੀ ਅਸ਼ਵਨੀ ਕੁਮਾਰ ਨਿਵਾਸੀ ਸੈਦਾ ਵਾਲਾ ਮੁਹੱਲਾ ਪੁਰਾਣਾ ਮੋਗਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਕਥਿਤ ਦੋਸ਼ੀ ਲਡ਼ਕੀ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
