ਇਨਕਮ ਟੈਕਸ ਵਿਭਾਗ ''ਚ ਕਲਰਕ ਦੀ ਨੌਕਰੀ ਦਾ ਝਾਂਸਾ ਦੇ ਠੱਗੇ 7 ਲੱਖ 25 ਹਜ਼ਾਰ ਰੁਪਏ, 4 ਨਾਮਜ਼ਦ

07/17/2022 1:33:55 PM

ਭਵਾਨੀਗੜ੍ਹ(ਕਾਂਸਲ): ਇਕ ਨੌਜਵਾਨ ਨੂੰ ਇਨਕਮ ਟੈਕਸ ਵਿਭਾਗ ’ਚ ਕਲਰਕ ਦੀ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 7 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਨੌਕਰੀ ਕਰਦੇ ਇਕ ਕਰਮਚਾਰੀ ਸਮੇਤ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁਰਪ੍ਰੀਤ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਮਵੀ ਕਲ੍ਹਾਂ ਪਟਿਆਲਾ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਇਕ ਵਿਅਕਤੀ ਅੰਮ੍ਰਿਤਪਾਲ ਸਿੰਘ ਪੁੱਤਰ ਨਿਰਮਲ ਸਿੰਘ ਜੋ ਕਿ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਨੌਕਰੀ ਕਰਦਾ ਹੈ ਨੇ ਉਸ ਨੂੰ ਇਨਕਮ ਟੈਕਸ ਵਿਭਾਗ ’ਚ ਕਲਰਕ ਦੀ ਨੌਕਰੀ ਦਵਾਉਣ ਲਈ ਕਹਿ ਕੇ ਉਸ ਦੀ ਪਹਿਚਾਣ ਮਨੋਜ ਕੁਮਾਰ ਪੁੱਤਰ ਹਰੀ ਚੰਦ ਵਾਸੀ ਜੌਗਿੰਦਰ ਨਗਰ ਭਵਾਨੀਗੜ੍ਹ ਨਾਲ ਕਰਵਾਈ।

ਇਹ ਵੀ ਪੜ੍ਹੋ- ਪੰਜਾਬ ਕੈਬਨਿਟ ਮੰਤਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਵਿਕਾਸ ਕਾਰਜਾਂ 'ਚ ਆਵੇਗੀ ਤੇਜ਼ੀ

ਮਨੋਜ ਨੇ ਪੀੜਤ ਗੁਰਪ੍ਰੀਤ ਕੋਲੋਂ ਨੌਕਰੀ ਲਈ ਕਥਿਤ ਤੌਰ ’ਤੇ 7 ਲੱਖ ਰੁਪਏ ਦੀ ਮੰਗ ਕੀਤੀ ਅਤੇ ਗੁਰਪ੍ਰੀਤ ਨੇ 25 ਜੂਨ 2017 ਨੂੰ ਮਨੋਜ ਕੁਮਾਰ ਨੂੰ ਅਮ੍ਰਿਤਪਾਲ ਸਿੰਘ ਦੀ ਹਾਜਰੀ ’ਚ 7 ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਫਿਰ ਇਕ ਦਿਨ ਅੰਮ੍ਰਿਤਪਾਲ ਸਿੰਘ ਪੀੜਤ ਦੇ ਘਰ ਆ ਕੇ ਉਸ ਕੋਲੋਂ 25 ਹਜਾਰ ਰੁਪਏ ਲੈ ਗਿਆ ਪਰ ਕਾਫੀ ਸਮਾਂ ਬੀਤ ਜਾਣ ’ਤੇ ਜਦੋਂ ਉਨ੍ਹਾਂ ਦੋਵਾਂ ਵੱਲੋਂ ਪੀੜਤ ਨਾਲ ਨੌਕਰੀ ਸਬੰਧੀ ਕੋਈ ਗੱਲਬਾਤ ਨਾ ਕੀਤੀ ਗਈ ਤਾਂ ਗੁਰਪ੍ਰੀਤ ਨੇ ਉਕਤ ਵਿਅਕਤੀਆਂ ਨੂੰ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨਾਲ ਪੀੜਤ ਦੀ ਗੱਲ ਹੋਈ ਤਾਂ ਉਨ੍ਹਾਂ ਨੇ ਗੁਰਪ੍ਰੀਤ ਨੂੰ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ।  

ਇਹ ਵੀ ਪੜ੍ਹੋ- ਕਾਂਗਰਸ ਦਾ ਦੋਸ਼ : ਬਦਲਾਅ ਨਹੀਂ ਬਦਲਾਖੋਰੀ ਦੀ ਨੀਤੀ ’ਤੇ ਚੱਲ ਰਹੀ ਹੈ ਆਮ ਆਦਮੀ ਪਾਰਟੀ

ਗੁਰਪ੍ਰੀਤ ਨੇ ਦੱਸਿਆ ਕਿ ਮਨੋਜ ਕੁਮਾਰ ਹੁਣ ਪਿਛਲੇ ਕਰੀਬ ਇਕ ਸਾਲ ਤੋਂ ਇਕ ਮਾਮਲੇ ’ਚ ਕਥਿਤ ਤੌਰ ’ਤੇ ਜੇਲ੍ਹ ’ਚ ਬੰਦ ਹੈ। ਜਿਸ ਕਾਰਨ ਉਸ ਦੀ ਪਤਨੀ ਅਨੁਪਮਾ ਤੇ ਉਸ ਦਾ ਪੁੱਤਰ ਬਾਨੂੰ ਹੁਣ ਉਸ ਨਾਲ ਗੱਲ ਕਰਦੇ ਸਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਉਸ ਦੇ ਸਾਰੇ ਪੈਸੇ ਵਿਆਜ਼ ਸਮੇਤ ਵਾਪਸ ਕਰ ਦੇਣਗੇ। ਪੀੜਤ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਮਨੋਜ਼ ਦੇ ਪਰਿਵਾਰ ਵਾਲਿਆਂ ਵੱਲੋਂ ਵੀ ਉਸ ਨੂੰ ਲਗਾਤਾਰ ਲਾਰੇ ਲਗਾਏ ਜਾ ਰਹੇ ਸਨ। ਜਿਸ ਕਾਰਨ ਉਸ ਨੇ ਆਪਣੇ ਨਾਲ ਹੋਈ ਠੱਗੀ ਸਬੰਧੀ ਸ਼ਿਕਾਇਤ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਦਰਜ ਕਰਵਾਈ ਸੀ । ਜਿਨ੍ਹਾਂ ਦੇ ਆਦੇਸ਼ਾਂ ਉਪਰ ਕਾਰਵਾਈ ਕਰਦਿਆਂ ਅੱਜ ਪੁਲਸ ਨੇ ਮਨੋਜ਼ ਕੁਮਾਰ, ਉਸ ਦੀ ਪਤਨੀ ਅਨੁਪਮਾ, ਬੇਟੇ ਬਾਨੂੰ ਤੇ ਅੰਮ੍ਰਿਤਪਾਲ ਸਿੰਘ ਵਿਰੁੱਧ ਠੱਗੀ ਦਾ ਮਾਮਲਾ ਦਰਜ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News