ਕੈਨੇਡਾ ਦੀ PR ਦਿਵਾਉਣ ਦੇ ਨਾਂ ''ਤੇ ਠੱਗੇ 60 ਲੱਖ
Friday, Feb 25, 2022 - 03:06 PM (IST)
ਭਵਾਨੀਗੜ੍ਹ (ਵਿਕਾਸ) : ਵਿਦੇਸ਼ ਭੇਜਣ ਦੇ ਨਾਂ 'ਤੇ 60 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਪੁਲਸ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਪਿਓ-ਪੁੱਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕਾਕੜਾ ਥਾਣਾ ਭਵਾਨੀਗੜ੍ਹ ਨੇ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਦੇ ਇਕ ਦੋਸਤ ਰੋਹਿਤ ਕੁਮਾਰ ਵਾਸੀ ਪੰਚਕੂਲਾ ਨੇ ਜਨਵਰੀ 2019 'ਚ ਚੰਡੀਗੜ੍ਹ ਦੇ ਰਹਿਣ ਵਾਲੇ ਹਰਨੀਤ ਸਿੰਘ ਤੇ ਉਸ ਦੇ ਪਿਤਾ ਗੁਰਜੀਤ ਸਿੰਘ ਨਾਲ ਪੀ. ਆਰ. ਦੇ ਕੇ ਕੈਨੇਡਾ ਭੇਜਣ ਸਬੰਧੀ ਉਸ ਦੀ ਗੱਲਬਾਤ ਕਰਵਾਈ। ਉਕਤ ਪਿਓ-ਪੁੱਤ ਨੇ ਉਸ ਨੂੰ ਕੈਨੇਡਾ 'ਚ ਪੱਕਾ ਕਰਨ ਦਾ ਭਰੋਸਾ ਦੇ ਕੇ 60 ਲੱਖ ਰੁਪਏ ਮੰਗੇ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਹਾਲਾਤ ਹੋਏ ਬਦਤਰ, ਮਾਪੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਪਾਸਪੋਰਟ ਸਮੇਤ 3 ਵਾਰ 20-20 ਲੱਖ ਰੁਪਏ ਦਿੱਤੇ ਪਰ ਬਾਅਦ ਵਿਚ ਲਾਕਡਾਊਨ ਲੱਗਣ ਕਾਰਨ ਉਕਤ ਵਿਅਕਤੀ ਕੰਮ ਨਾ ਹੋਣ ਦਾ ਹਵਾਲਾ ਦਿੰਦੇ ਰਹੇ ਤੇ ਲਾਕਡਾਊਨ ਤੋਂ ਬਾਅਦ ਵੀ ਉਹ ਉਸ ਨਾਲ ਸੰਪਰਕ ਕਰਨ ਤੋਂ ਟਾਲਮਟੋਲ ਕਰਦੇ ਰਹੇ। ਗੁਰਤੇਜ ਸਿੰਘ ਨੇ ਦੋਸ਼ ਲਾਇਆ ਕਿ ਉਕਤ ਹਰਨੀਤ ਸਿੰਘ ਤੇ ਗੁਰਜੀਤ ਸਿੰਘ ਨੇ ਨਾ ਤਾਂ ਉਸ ਨੂੰ ਬਾਹਰ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਹਾਲਾਂਕਿ ਜ਼ੋਰ ਪਾਉਣ 'ਤੇ ਜਨਵਰੀ 2022 'ਚ ਉਕਤ ਵਿਅਕਤੀ 60 ਲੱਖ ਰੁਪਏ ਦਾ ਚੈੱਕ ਭਰ ਕੇ ਦੇ ਗਏ, ਜੋ ਬਾਊਂਸ ਹੋ ਗਿਆ। ਇਸ ਤਰ੍ਹਾਂ ਉਸ ਨਾਲ 60 ਲੱਖ ਰੁਪਏ ਦੀ ਠੱਗੀ ਮਾਰੀ ਗਈ। ਪੀੜਤ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਮਾਮਲੇ ਸਬੰਧੀ ਐੱਸ. ਐੱਸ. ਪੀ. ਸੰਗਰੂਰ ਦੇ ਹੁਕਮਾਂ 'ਤੇ ਪੁਲਸ ਨੇ ਮੁਲਜ਼ਮ ਹਰਨੀਤ ਸਿੰਘ ਸਮੇਤ ਉਸ ਦੇ ਪਿਤਾ ਗੁਰਜੀਤ ਸਿੰਘ ਵਾਸੀ ਚੰਡੀਗੜ੍ਹ ਵਿਰੁੱਧ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਮਾਮਲੇ 'ਚ ਮੁਲਜ਼ਮ ਪਿਓ-ਪੁੱਤ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ : ਯੂਕਰੇਨ ’ਚ ਫਸੇ ਪੰਜਾਬੀਆਂ ਦੀ ਮਦਦ ਲਈ ਭਗਵੰਤ ਮਾਨ ਨੇ ਵਧਾਇਆ ਹੱਥ, ਜਾਰੀ ਕੀਤਾ ਵ੍ਹੱਟਸਐਪ ਨੰਬਰ