55 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ, 28 ਨਵੇਂ ਮਰੀਜ਼ ਵੀ ਮਿਲੇ

Monday, Nov 23, 2020 - 01:40 AM (IST)

55 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ, 28 ਨਵੇਂ ਮਰੀਜ਼ ਵੀ ਮਿਲੇ

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ)- ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਕੋਰੋਨਾ ਨਾਲ ਮੌਤਾਂ ਅਤੇ ਨਵੇਂ ਕੇਸਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਫਿਰ ਜ਼ਿਲੇ ਅੰਦਰ ਕੋਰੋਨਾ ਕਰਕੇ ਇਕ ਹੋਰ ਮੌਤ ਹੋਈ ਹੈ, ਜਦੋਂਕਿ 28 ਨਵੇਂ ਕੇਸਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 8 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 11 ਕੇਸ ਮਲੋਟ, 5 ਕੇਸ ਗਿੱਦੜਬਾਹਾ, 1 ਕੇਸ ਰੱਥੜੀਆਂ, 1 ਕੇਸ ਲਾਲਬਾਈ ਅਤੇ 2 ਕੇਸ ਮੰਡੀ ਕਿੱਲਿਆਂਵਾਲੀ ਤੋਂ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 18 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 200 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 360 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 68 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3426 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 3117 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 227 ਕੇਸ ਸਰਗਰਮ ਚੱਲ ਰਹੇ ਹਨ।

ਇਕ ਹੋਰ ਜਿੰਦਗੀ ਨਿਗਲ ਗਿਆ ਕੋਰੋਨਾ

ਕੋਰੋਨਾ ਕਰਕੇ ਅੱਜ ਇਕ ਹੋਰ ਮੌਤ ਹੋਈ ਹੈ। 55 ਸਾਲਾ ਮ੍ਰਿਤਕ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਸੀ, ਜੋ ਕੋਰੋਨਾ ਪਾਜ਼ੇਟਿਵ ਚੱਲ ਰਿਹਾ ਸੀ ਅਤੇ ਇਲਾਜ ਲਈ ਫਰੀਦਕੋਟ ਵਿਖੇ ਦਾਖਲ ਸੀ। ਅੱਜ ਇਲਾਜ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲੇ ਅੰਦਰ ਹੁਣ ਤੱਕ ਕੋਰੋਨਾ ਕਰਕੇ 82 ਮੌਤਾਂ ਹੋ ਚੁੱਕੀਆਂ ਹਨ।


author

Bharat Thapa

Content Editor

Related News