ਮੈਡੀਕਲ ਸਟੋਰਾਂ ’ਚੋਂ 50 ਹਜ਼ਾਰ ਦੀ ਨਕਦੀ ਤੇ ਸਾਮਾਨ ਚੋਰੀ
Sunday, Oct 14, 2018 - 02:30 AM (IST)

ਬਾਘਾਪੁਰਾਣਾ, (ਰਾਕੇਸ਼)- ਬੀਤੀ ਰਾਤ ਮੁੱਖ ਚੌਕ ’ਚ ਪੁਲਸ ਚੌਕੀ ਦੇ ਸਾਹਮਣੇ ਚੋਰਾਂ ਨੇ ਦੋ ਅੰਗਰੇਜ਼ੀ ਦਵਾਈਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਤਾਲੇ ਭੰਨ ਕੇ 50 ਹਜ਼ਾਰ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ, ਜਿਸ ਦੀ ਕੀਮਤ 1 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ। ਜੀ. ਐੱਮ. ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਜੈੱਕ ਪਾ ਕੇ ’ਤੇ ਚੁੱਕਿਆ ਅਤੇ ਸੀ. ਸੀ. ਟੀ. ਵੀ. ਕੈਮਰੇ ਭੰਨ ਦਿੱਤੇ ਤੇ ਅੰਦਰ ਵਡ਼ਕੇ ਕਾਊਂਟਰ ਦੇ ਦਰਾਜ ਤੋਡ਼ ਕੇ ਉਸ ’ਚੋਂ 45 ਹਜ਼ਾਰ ਦੀ ਨਕਦੀ, ਇਕ ਡੀ. ਵੀ. ਆਰ, ਇਕ ਬੈਟਰੇ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ ਅਤੇ ਫਿਰ ਨਾਲ ਲੱਗਦੀ ਫੈਮਿਲੀ ਕੈਮਿਸਟ ਦੀ ਦੁਕਾਨ ਦੇ ਜਿੰਦਰੇ ਤੋਡ਼ੇ , ਜਿਸ ’ਚੋਂ ਦਰਾਜ ਤੋਡ਼ ਕੇ 5 ਹਜ਼ਾਰ ਦੀ ਨਕਦੀ ਤੇ ਸਾਮਾਨ ਚੋਰੀ ਕਰ ਕੇ ਚੋਰ ਲੈ ਗਏ। ਅੱਜ ਸਵੇਰੇ ਵਾਪਰੀਆਂ ਦੋ ਘਟਨਾਵਾਂ ਦਾ ਪਤਾ ਲੱਗਣ ’ਤੇ ਵਪਾਰੀਆਂ ’ਚ ਭਾਰੀ ਰੋਸ ਫੈਲ ਗਿਆ ਅਤੇ ਉਨ੍ਹਾਂ ਥਾਣਾ ਮੁਖੀ ਨੂੰ ਮਿਲ ਕੇ ਇਸ ਘਟਨਾ ਬਾਰੇ ਜਾਣੂ ਕਰਵਾਇਆ ਤੇ ਚੋਰਾਂ ਨੂੰ ਫੜਨ ਲਈ ਕਿਹਾ। ਇਸ ਮੌਕੇ ਰਮਨ ਮਿੱਤਲ ਰਿੰਪੀ, ਪਵਨ ਗੋਇਲ, ਅਸ਼ੋਕ ਕੁਮਾਰ, ਵਿੱਕੀ ਠੁੱਲੀਵਾਲ, ਰੋਸ਼ਨ ਲਾਲ ਰੋਸ਼ੀ, ਵਿੱਕੀ ਗਰਗ, ਵਿਪਨ ਗਰਗ ਅਤੇ ਹੋਰ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਸ਼ਾਮਲ ਸਨ।
ਕੀ ਕਹਿੰਦੇ ਹਨ ਥਾਣਾ ਮੁਖੀ
ਥਾਣਾ ਮੁਖੀ ਜਸਵੰਤ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਫਡ਼ਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਦੂਸਰੇ ਪਾਸੇ ਇਹ ਵੀ ਗੱਲ ਦੇਖੀ ਗਈ ਹੈ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਚੋਰੀਆਂ ਵਿਚ ਪੁਲਸ ਨੂੰ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋ ਸਕੀ।