ਪਦਮਸ਼੍ਰੀ ਤੇ ਪਦਮ ਭੂਸ਼ਣ ਲਈ ਭੇਜੇ 4 ਨਾਂ, ਸਾਰੇ ਹੀ ਡਾਕਟਰ

01/14/2019 7:38:15 AM

 ਚੰਡੀਗਡ਼੍ਹ, (ਸਾਜਨ)- ਚੰਡੀਗਡ਼੍ਹ ਪ੍ਰਸ਼ਾਸਨ ਨੇ ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਸਮੇਤ ਕੁਲ ਚਾਰ ਨਾਂ 26 ਜਨਵਰੀ ਨੂੰ ਦਿੱਤੇ ਜਾਣ ਵਾਲੇ ਪਦਮ  ਭੂਸ਼ਣ ਪੁਰਸਕਾਰ ਲਈ ਭੇਜੇ ਹਨ। ਪ੍ਰਸ਼ਾਸਨ ਵਲੋਂ ਕੇਂਦਰ ਸਰਕਾਰ ਨੂੰ ਇਸ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ’ਚ ਖਾਸ ਗੱਲ ਇਹ ਹੈ ਕਿ ਸਿਫਾਰਿਸ਼ ਨਾਲ ਪਦਮ ਅੈਵਾਰਡ 2019 ਲਈ ਐੱਮ. ਐੱਚ. ਏ. ਨੂੰ ਜੋ ਚਾਰ ਨਾਂ ਭੇਜੇ ਗਏ ਹਨ, ਉਹ ਚਾਰੇ ਹੀ ਡਾਕਟਰ ਹਨ। ਇਸ ਵਾਰ ਭੇਜੇ ਗਏ ਚਾਰ ਨਾਵਾਂ ’ਚੋਂ ਤਿੰਨ ਨਾਂ ਪਿਛਲੇ ਸਾਲ ਦੀ ਸੂਚੀ ’ਚ ਵੀ ਸਨ। ਤਿੰਨ ਨੂੰ ਪਦਮਸ਼੍ਰੀ ਅਤੇ ਇਕ ਡਾਕਟਰ ਨੂੰ ਪਦਮ ਭੂਸ਼ਣ ਅੈਵਾਰਡ ਦੇਣ ਲਈ ਸਿਫਾਰਿਸ਼ ਕੀਤੀ ਗਈ ਹੈ। 
 ਜਾਣਕਾਰੀ ਅਨੁਸਾਰ ਪਿਛਲੇ ਸਾਲ ਵੀ ਡਾ. ਜਗਤ ਰਾਮ, ਡਾ. ਅਨਿਲ ਭੰਸਾਲੀ  ਅਤੇ ਡਾ.  ਏ. ਕੇ. ਗੁਪਤਾ ਦੇ ਨਾਂ ਪਦਮਸ਼੍ਰੀ ਅੈਵਾਰਡ ਲਈ ਮਨਿਸਟਰੀ ਆਫ ਹੋਮ ਅਫੇਅਰਜ਼ ਨੂੰ ਭੇਜੇ ਗਏ ਸਨ ਪਰ ਕਿਸੇ ਕਾਰਨ ਇਨ੍ਹਾਂ ਦੀ ਚੋਣ ਨਹੀਂ ਹੋ ਸਕੀ ਸੀ। ਪ੍ਰਸ਼ਾਸਨ ਨੇ ਇਕ ਵਾਰ ਫਿਰ ਇਹ ਤਿੰਨੇ ਨਾਂ ਪਦਮਸ਼੍ਰੀ ਲਈ ਭੇਜੇ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਇਸ ਵਾਰ ਡਾ. ਜਗਦੀਸ਼ ਚੋਪਡ਼ਾ ਦਾ ਨਾਂ ਪਦਮ ਭੂਸ਼ਣ ਲਈ ਭੇਜਿਆ ਹੈ। 
 ਇਨ੍ਹਾਂ ਨੂੰ ਮਿਲ ਚੁੱਕਿਆ ਹੈ ਪੁਰਸਕਾਰ 
 ਅਜੇ ਤਕ ਚੰਡੀਗਡ਼੍ਹ ਤੋਂ ਕੁਲ 48 ਲੋਕਾਂ ਨੂੰ ਪਦਮ ਅੈਵਾਰਡ ਮਿਲ ਚੁੱਕਿਆ ਹੈ। ਇਨ੍ਹਾਂ ’ਚ 14 ਨੂੰ ਪਦਮ ਭੂਸ਼ਣ ਅਤੇ 34 ਨੂੰ ਪਦਮਸ਼੍ਰੀ ਅੈਵਾਰਡ ਮਿਲੇ ਹਨ। ਇਨ੍ਹਾਂ ’ਚ ਡਾ. ਜੇ. ਐੱਸ. ਗਰੇਵਾਲ (ਪਦਮਸ਼੍ਰੀ),  ਡਾ. ਆਰ. ਕੇ. ਸਾਬੂ (ਪਦਮਸ਼੍ਰੀ), ਕੇ. ਐੱਲ. ਜ਼ਾਕਿਰ (ਪਦਮਸ਼੍ਰੀ), ਡਾ. ਕੇ. ਕੇ.  ਤਲਵਾਡ਼ (ਪਦਮ ਭੂਸ਼ਣ), ਹੀਰਾ ਲਾਲ ਸਿੱਬਲ (ਪਦਮ ਭੂਸ਼ਣ), ਡਾ. ਐੱਚ. ਐੱਸ. ਚਾਵਲਾ (ਪਦਮਸ਼੍ਰੀ), ਡਾ. ਬੀ. ਐੱਨ. ਗੋਸਵਾਮੀ (ਪਦਮ ਭੂਸ਼ਣ), ਡਾ. ਜੇ. ਐੱਸ. ਚੋਪਡ਼ਾ (ਪਦਮ ਭੂਸ਼ਣ), ਪ੍ਰੋ. ਆਰ. ਸੀ. ਸੋਬਤੀ (ਪਦਮਸ਼੍ਰੀ) ਤੇ ਡਾ. ਕੇ. ਐੱਸ. ਚੁੱਘ (ਪਦਮਸ਼੍ਰੀ) ਸ਼ਾਮਲ ਹਨ । ਇਸ ਤੋਂ ਇਲਾਵਾ ਸਵਰਗੀ ਜਸਪਾਲ ਭੱਟੀ ਨੂੰ ਮਰਨ ਤੋਂ ਬਾਅਦ ਪਦਮ ਭੂਸ਼ਣ ਪੁਰਸਕਾਰ ਮਿਲਿਆ।
 ਪੀ. ਜੀ. ਆਈ. ਦੇ ਮੈਡੀਕਲ ਸੁਪਰਡੈਂਟ ਅਤੇ ਹੈੱਡ (ਹਾਸਪੀਟਲ ਐਡਮਿਨਿਸਟ੍ਰੇਸ਼ਨ) ਪ੍ਰੋ. ਏ. ਕੇ. ਗੁਪਤਾ ਨੂੰ
ਹਸਪਤਾਲ ’ਚ ਇਨਫਾਰਮੇਸ਼ਨ ਟੈਕਨੋਲਾਜੀ ਦਾ ਕੰਮ ਬਿਹਤਰ ਕਰਨ ਅਤੇ ਆਈ ਡੋਨੇਸ਼ਨ ਪ੍ਰਮੋਸ਼ਨ  ਸਬੰਧੀ ਪਹਿਲਾਂ ਅੈਵਾਰਡ ਵੀ ਮਿਲ ਚੁੱਕਿਆ ਹੈ। ਹਾਸਪੀਟਲ ਐਡਮਿਨਿਸਟ੍ਰੇਸ਼ਨ ’ਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। 
 ਕਈ ਪੁਰਸਕਾਰਾਂ ਨਾਲ ਨਿਵਾਜੇ ਜਾ ਚੁੱਕੇ ਇਹ ਡਾਕਟਰ 
 ਪੀ. ਜੀ. ਆਈ.  ਦੇ ਡਾਇਰੈਕਟਰ ਡਾ. ਜਗਤ ਰਾਮ ਐੱਮ. ਬੀ. ਬੀ. ਐੱਸ. ਦੀ ਡਿਗਰੀ ਮੈਡੀਕਲ ਕਾਲਜ ਸ਼ਿਮਲਾ, ਹਿਮਾਚਲ ਪ੍ਰਦੇਸ਼ ਤੋਂ ਪੂਰੀ ਹੋਈ ਸੀ। ਉਹ ਪੀ. ਜੀ. ਆਈ. ’ਚ ਅੱਖਾਂ ਦੇ ਰੋਗਾਂ ਦੇ ਮਾਹਰ ਹਨ ਤੇ ਉਨ੍ਹਾਂ ਨੇ ਆਪਣੇ ਖੇਤਰ ’ਚ ਬਹੁਤ ਕੰਮ ਕੀਤਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਲਈ ਕਈ ਪੁਰਸਕਾਰਾਂ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ।  
 ਡਾਇਬਟੀਜ਼ ਟਾਈਪ-2 ਲਈ ਭੰਸਾਲੀ ਨੇ ਠੀਕ ਤਕਨੀਕ ਦਾ ਕੀਤਾ ਇਜ਼ਾਦ
 ਡਾਇਬਟੀਜ਼ ਟਾਈਪ-2 ਲਈ ਭੰਸਾਲੀ ਨੇ ਠੀਕ ਤਕਨੀਕ ਜਾਂ ਸਾਲਿਊਸ਼ਨ ਦਾ ਇਜ਼ਾਦ ਕੀਤਾ, ਜੋ ਕਿ ਸੈੱਲ ਟਰਾਂਸਪਲਾਂਟੇਸ਼ਨ ਤਕਨੀਕ ਦੇ ਜ਼ਰੀਏ ਕੀਤਾ ਜਾਂਦਾ ਹੈ। ਉਹ ਡਾਇਰੈਕਟਰ ਦੀ ਰੇਸ ’ਚ ਵੀ ਸਨ ਤੇ ਇਕ  ਵਾਰ ਤਾਂ ਉਨ੍ਹਾਂ ਦਾ  ਅਹੁਦੇ ਲਈ ਸਭ ਤੋਂ ਉਪਰ ਨਾਂ ਸੀ ਪਰ ਕੁਝ ਵਿਵਾਦਾਂ ਤੋਂ ਬਾਅਦ ਪੋਸਟ ਡਾ. ਜਗਤ ਰਾਮ ਦੇ ਹੱਥ ਲੱਗੀ। ਡਾ. ਭੰਸਾਲੀ ਆਪਣੇ ਪੂਰੇ ਦਲ-ਬਲ ਨਾਲ ਸਟੈੱਮ ਸੈੱਲ ਨਾਲ ਡਾਇਬਟੀਜ਼ ਦੇ ਮਰੀਜ਼ਾਂ ਦੇ ਇਲਾਜ ’ਤੇ ਵੀ ਕੰਮ ਕਰ ਰਹੇ ਹਨ। 


Related News