ਬਾਰਿਸ਼ ਤੇ ਹੜ੍ਹਾਂ ਨਾਲ ਨੁਕਸਾਨੇ ਮਕਾਨਾਂ ਦੀ ਮੁਰੰਮਤ ਲਈ 4,93,44,500 ਰੁਪਏ ਜਾਰੀ

Monday, Jul 29, 2024 - 07:22 PM (IST)

ਬਾਰਿਸ਼ ਤੇ ਹੜ੍ਹਾਂ ਨਾਲ ਨੁਕਸਾਨੇ ਮਕਾਨਾਂ ਦੀ ਮੁਰੰਮਤ ਲਈ 4,93,44,500 ਰੁਪਏ ਜਾਰੀ

ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੌਰਾਨ ਭਾਰੀ ਬਾਰਿਸ਼ਾਂ ਤੇ ਹੜਾਂ ਦੀ ਮਾਰ ਹੇਠ ਆ ਕੇ ਡਿੱਗੇ ਮਕਾਨਾਂ ਦੀ ਮੁਰੰਮਤ ਲਈ ਹਲਕਾ ਫਾਜਿਲਕਾ ਦੇ ਲਗਭਗ 51 ਪਿੰਡਾਂ/ਢਾਣੀਆਂ ਲਈ 4 ਕਰੋੜ 93 ਲੱਖ 44 ਹਜ਼ਾਰ 500 ਰੁਪਏ ਭੇਜੇ ਗਏ ਹਨ।ਇਹ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਮਾਰਕੀਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਹਲਕੇ ਦੇ ਪਿੰਡ ਗੁੱਦੜ ਭੈਣੀ, ਰਾਮ ਸਿੰਘ ਭੈਣੀ ਅਤੇ ਵੱਲੇ ਸ਼ਾਹ ਹਿਠਾੜ ਦੇ ਹੜਾਂ ਦੀ ਮਾਰ ਹੇਠ ਆ ਕੇ ਡਿੱਗੇ ਮਕਾਨਾਂ ਵਾਲੇ ਲੋਕਾਂ ਨੂੰ 87 ਲੱਖ 66 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕਰਨ ਮੌਕੇ ਕੀਤਾ।

ਵਿਧਾਇਕ ਸਵਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਹਰ ਮੁਸ਼ਕਲ ਦੀ ਘੜੀ ਵਿੱਚ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਹੜਾਂ ਦੀ ਮਾਰ ਹੇਠ ਆ ਕੇ ਨੁਕਸਾਨੀਆਂ ਫਸਲਾਂ ਵਾਲੇ ਕਿਸਾਨਾਂ ਨੂੰ ਵੀ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ ਤੇ ਹੁਣ ਹੜਾਂ ਅਤੇ ਭਾਰੀ ਬਾਰਿਸ਼ਾਂ ਨਾਲ ਡਿੱਗੇ ਮਕਾਨਾਂ ਦੀ ਮੁਰੰਮਤ ਲਈ ਸਹਾਇਤਾ ਰਾਸ਼ੀ ਭੇਂਟ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅੱਜ ਪਿੰਡ ਰਾਮ ਸਿੰਘ ਭੈਣੀ ਗੁੱਦੜ ਭੈਣੀ ਅਤੇ ਵੱਲੇ ਸ਼ਾਹ ਹਿਠਾੜ ਦੇ ਹੜਾਂ ਨਾਲ ਨੁਕਸਾਨੇ ਮਕਾਨਾਂ ਦੇ ਲੋਕਾਂ ਨੂੰ ਚੈੱਕ ਦੇ ਕੇ ਸ਼ੁਰੂਆਤ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਬਾਕੀ ਰਹਿੰਦੇ ਪਿੰਡਾਂ ਨੂੰ ਵੀ ਇਹ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਲਈ ਸਿਰ ਤੋੜ ਯਤਨ ਕਰ ਰਹੀ ਹੈ। ਪਿੰਡਾਂ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਨ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੇ ਸੜਕਾਂ ਨੂੰ ਪੱਕਿਆ ਕਰਵਾਇਆ ਜਾ ਰਿਹਾ। ਵਿਧਾਇਕ ਨੇ ਕਿਹਾ ਕਿ ਵਿਕਾਸ ਦੇ ਨਾਲ ਨਾਲ ਸਿੱਖਿਆ ਅਤੇ ਸਿਹਤ ਨੂੰ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।


author

DILSHER

Content Editor

Related News