ਚਾਲਕ ਨੂੰ ਬੰਦੀ ਬਣਾ ਕੇ ਚੌਲਾਂ ਨਾਲ ਭਰਿਆ ਟਰੱਕ ਲੁੱਟਣ ਵਾਲੇ 3 ਲੁਟੇਰੇ ਗ੍ਰਿਫਤਾਰ

12/05/2019 8:54:20 PM

ਤਲਵੰਡੀ ਭਾਈ, (ਗੁਲਾਟੀ)- ਪੁਲਸ ਨੇ 22 ਨਵੰਬਰ ਦੀ ਰਾਤ ਨੂੰ ਟਰੱਕ ਚਾਲਕ ਨੂੰ ਬੰਦੀ ਬਣਾ ਕੇ ਚੌਲਾਂ ਨਾਲ ਭਰਿਆ ਟਰੱਕ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ। ਇਸ ਸਬੰਧ ਵਿਚ ਉਪ ਪੁਲਸ ਕਪਤਾਨ ਸਤਨਾਮ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਸਥਾਨਕ ਦਾਣਾ ਮੰਡੀ ਨੇੜੇ ਕੀਤੀ ਨਾਕਾਬੰਦੀ ਦੌਰਾਨ ਕਸ਼ਮੀਰ ਸਿੰਘ ਪੁੱਤਰ ਦਲੀਪ ਸਿੰਘ, ਗੁਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀਆਂ ਅਲਾਦੀਨਪੁਰ, ਜ਼ਿਲਾ ਤਰਨਤਾਰਨ ਅਤੇ ਹਰਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੱਕਾ ਕੰਡਿਆਲਾ, ਜ਼ਿਲਾ ਤਰਨਤਾਰਨ ਜੋ ਕਿ ਟਰੱਕ 'ਤੇ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 480 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ 22 ਨਵੰਬਰ ਦੀ ਰਾਤ ਨੂੰ ਤਲਵੰਡੀ ਭਾਈ ਦੇ ਫਿਰੋਜ਼ਪੁਰ ਰੋਡ ਤੋਂ ਇਕ ਟਰੱਕ ਚਾਲਕ ਚੰਦਰਭਾਨ ਪੁੱਤਰ ਪ੍ਰਕਾਸ਼ ਚੰਦ ਵਾਸੀ ਗਵਾਲੀਅਰ, ਮੱਧ ਪ੍ਰਦੇਸ਼ ਨੂੰ ਬੰਦੀ ਬਣਾ ਕੇ ਉਸ ਤੋਂ ਚੌਲਾਂ ਦਾ ਭਰਿਆ ਟਰੱਕ ਲੁੱਟਿਆ ਗਿਆ ਸੀ। ਇਸ ਸਬੰਧੀ ਪ੍ਰਵੀਨ ਮੰਗਲਾ ਪੁੱਤਰ ਕ੍ਰਿਸ਼ਨ ਅਵਤਾਰ ਮੰਗਲਾ ਵਾਸੀ ਫਿਰੋਜ਼ਪੁਰ ਨੇ ਵੀ ਪੁਲਸ ਨੂੰ ਸ਼ਿਕਾਇਤ ਕੀਤੀ ਹੋਈ ਸੀ ਕਿ ਉਕਤ ਟਰੱਕ ਵਿਚ ਉਸ ਦੇ 600 ਗੱਟੇ ਚੌਲ ਸਨ, ਜੋ ਲੁੱਟੇ ਗਏ, ਜਿਸ 'ਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ 420 ਚੌਲਾਂ ਦੇ ਗੱਟੇ, ਟਰੱਕ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਗਈ ਸਾਕਰਪੀਓ ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਲੈ ਲਿਆ ਹੈ ਅਤੇ ਹੋਰ ਪੜਤਾਲ ਜਾਰੀ ਹੈ। ਇਸ ਮੌਕੇ ਪੁਲਸ ਥਾਣਾ ਤਲਵੰਡੀ ਭਾਈ ਦੇ ਮੁਖੀ ਹਰਦੇਵ ਪ੍ਰੀਤ ਸਿੰਘ, ਏ. ਐੱਸ. ਆਈ. ਪਾਲ ਸਿੰਘ, ਏ. ਐੱਸ. ਆਈ. ਨਰਿੰਦਰ ਸਿੰਘ ਅਤੇ ਸਮੂਹ ਸਟਾਫ ਮੌਜੂਦ ਸੀ।


Bharat Thapa

Content Editor

Related News