ਵਿਆਹ ਕਰਵਾ ਕੇ ਨਿਊਜ਼ੀਲੈਂਡ ਲਿਜਾਣ ਦਾ ਝਾਂਸਾ ਦੇ ਕੇ ਠੱਗੇ 28 ਲੱਖ

12/22/2019 11:20:26 PM

ਮੋਗਾ, (ਆਜ਼ਾਦ)– ਪਿੰਡ ਸਾਫੂਵਾਲਾ ਨਿਵਾਸੀ ਹਰਦੀਪ ਸਿੰਘ ਨੇ ਬਠਿੰਡਾ ਨਿਵਾਸੀ ਪੂਨਮ ਬਾਵਾ 'ਤੇ ਆਪਣੇ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰ ਕੇ ਵਿਆਹ ਕਰਵਾਉਣ ਤੋਂ ਬਾਅਦ ਉਸ ਨੂੰ ਨਿਊਜ਼ੀਲੈਂਡ ਲੈ ਕੇ ਜਾਣ ਦਾ ਝਾਂਸਾ ਦੇ ਕੇ 28 ਲੱਖ ਰੁਪਏ ਹੜੱਪਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।

ਮਾਸੀ ਨੇ ਹੀ ਕਰਵਾਇਆ ਸੀ ਰਿਸ਼ਤਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਹਰਦੀਪ ਸਿੰਘÎ ਪੁੱਤਰ ਜੰਗ ਦਾਸ ਨਿਵਾਸੀ ਪਿੰਡ ਸਾਫੂਵਾਲਾ ਨੇ ਕਿਹਾ ਕਿ ਮੇਰੀ ਮਾਸੀ ਜਸਵਿੰਦਰ ਕੌਰ, ਜਿਸ ਦੀ ਰਿਸ਼ਤੇਦਾਰੀ ਹਰਬੰਸ ਲਾਲ ਨਿਵਾਸੀ ਜੁਝਾਰ ਨਗਰ ਬਠਿੰਡਾ ਨਾਲ ਹੈ, ਨੇ ਆ ਕੇ ਕਿਹਾ ਕਿ ਹਰਬੰਸ ਲਾਲ ਦੀ ਭਤੀਜੀ ਪੂਨਮ ਬਾਵਾ ਨੇ ਆਈਲੈੱਟਸ ਦਾ ਕੋਰਸ ਕੀਤਾ ਹੋਇਆ ਹੈ ਅਤੇ ਪੂਨਮ ਬਾਵਾ ਵਿਦੇਸ਼ ਜਾਣਾ ਚਾਹੁੰਦੀ ਹੈ। ਉਹ ਆਪਣੀ ਭਤੀਜੀ ਦਾ ਵਿਆਹ ਉਸ ਨਾਲ ਕਰ ਕੇ ਉਸ ਨੂੰ ਨਿਊਜ਼ੀਲੈਂਡ ਭੇਜ ਦੇਵੇਗੀ, ਜਿਸ 'ਤੇ ਸਾਰਾ ਖਰਚਾ ਤੁਹਾਨੂੰ ਕਰਨਾ ਪਵੇਗਾ। ਅਸੀਂ ਉਨ੍ਹਾਂ ਦੇ ਝਾਂਸੇ 'ਚ ਆ ਗਏ ਅਤੇ ਮੇਰਾ ਵਿਆਹ 21 ਅਕਤੂਬਰ 2015 ਨੂੰ ਧਾਰਮਕ ਰੀਤੀ-ਰਿਵਾਜਾਂ ਅਨੁਸਾਰ ਪੂਨਮ ਬਾਵਾ ਪੁੱਤਰੀ ਰੇਸ਼ਮ ਦਾਸ ਨਿਵਾਸੀ ਬੀਬੀ ਵਾਲਾ ਚੌਕ ਬਠਿੰਡਾ ਨਾਲ ਹੋਇਆ। ਅਸੀਂ 2 ਨਵੰਬਰ, 2015 ਨੂੰ ਆਪਣਾ ਵਿਆਹ ਰਜਿਸਟਰਡ ਕਰਵਾ ਲਿਆ। ਉਪਰੰਤ ਮੈਂ ਆਪਣੀ ਪਤਨੀ ਪੂਨਮ ਬਾਵਾ ਦੇ ਵਿਦੇਸ਼ ਜਾਣ ਦਾ ਸਾਰਾ ਖਰਚਾ ਜਿਸ 'ਚ ਕਾਲਜ ਦੀ ਫੀਸ, ਆਉਣ-ਜਾਣ ਦੀ ਟਿਕਟ ਅਤੇ ਹੋਰ ਸਾਮਾਨ ਖਰੀਦਣ ਵਾਸਤੇ ਕਰੀਬ 28 ਲੱਖ ਰੁਪਏ ਦਾ ਖਰਚਾ ਕੀਤਾ, ਜਿਸ 'ਚ ਅਸੀਂ ਵਿਚੋਲੇ ਹਰਬੰਸ ਲਾਲ ਨੂੰ ਦਿੱਤੇ 2 ਲੱਖ ਵੀ ਸ਼ਾਮਲ ਹਨ। ਇਸ ਉਪਰੰਤ ਮੇਰੀ ਪਤਨੀ 12 ਮਾਰਚ, 2016 ਨੂੰ ਨਿਊਜ਼ੀਲੈਂਡ ਚਲੀ ਗਈ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਮੇਰੀ ਪਤਨੀ ਪੂਨਮ ਬਾਵਾ ਅਤੇ ਉਸ ਦੇ ਪਿਤਾ ਰੇਸ਼ਮ ਦਾਸ, ਮਾਂ ਸਪਨਾ ਅਤੇ ਵਿਚੋਲੇ ਹਰਬੰਸ ਲਾਲ ਨੇ ਸਾਨੂੰ ਯਕੀਨ ਦੁਆਇਆ ਸੀ ਕਿ ਉਹ ਜਲਦ ਹੀ ਤੁਹਾਨੂੰ ਨਿਊਜ਼ੀਲੈਂਡ ਬੁਲਾ ਲਵੇਗੀ ਅਤੇ ਜਾ ਕੇ ਫਾਈਲ ਲਾ ਦੇਵੇਗੀ। ਉਨ੍ਹਾਂ ਮੈਨੂੰ ਕਿਹਾ ਕਿ ਮੈਂ ਫਾਈਲ ਨਿਊਜ਼ੀਲੈਂਡ ਪਹੁੰਚ ਕੇ ਲਾਵਾਂਗੀ ਅਤੇ ਜਲਦ ਹੀ ਤੈਨੂੰ ਨਿਊਜ਼ੀਲੈਂਡ ਬੁਲਾ ਲਵੇਗੀ ਪਰ ਮੇਰੀ ਪਤਨੀ ਪੂਨਮ ਬਾਵਾ ਨੇ ਨਿਊਜ਼ੀਲੈਂਡ ਜਾਣ ਤੋਂ ਬਾਅਦ ਆਪਣਾ ਮੋਬਾਇਲ ਫੋਨ ਬੰਦ ਕਰ ਦਿੱਤਾ ਅਤੇ ਮੇਰੇ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ 28 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ, ਜਦੋਂ ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।

ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਕ੍ਰਾਈਮ ਬ੍ਰਾਂਚ ਮੋਗਾ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਕਾਨੂੰਨੀ ਰਾਏ ਹਾਸਲ ਕਰਨ ਉਪਰੰਤ ਕਥਿਤ ਦੋਸ਼ੀਆਂ ਪੂਨਮ ਬਾਵਾ, ਉਸ ਦੇ ਪਿਤਾ ਰੇਸ਼ਮ ਦਾਸ, ਮਾਂ ਸਪਨਾ ਅਤੇ ਵਿਚੋਲਾ ਹਰਬੰਸ ਲਾਲ, ਜੋ ਪੁਲਸ ਮੁਲਾਜ਼ਮ ਹੈ, ਨਿਵਾਸੀ ਬਠਿੰਡਾ ਖਿਲਾਫ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਤਹਿਤ ਥਾਣਾ ਸਦਰ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News