ਪਿੰਡ ਹਮੀਦੀ ''ਚ ਚੋਰ ਗਿਰੋਹ ਦੀ ਵੱਡੀ ਵਾਰਦਾਤ, 20 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਵੱਢ ਕੇ ਚੋਰੀ
Tuesday, May 05, 2026 - 08:05 PM (IST)
ਮਹਿਲ ਕਲਾਂ, (ਹਮੀਦੀ)– ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿੱਚ ਬੀਤੀ ਰਾਤ ਅਣਪਛਾਤੇ ਚੋਰ ਗਿਰੋਹ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲਗਭਗ 20 ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਮੋਟਰਾਂ ਨਾਲ ਜੁੜੀਆਂ ਕੇਬਲ ਤਾਰਾਂ ਵੱਢ ਕੇ ਚੋਰੀ ਕਰ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪੰਚ ਏਕਮ ਸਿੰਘ ਦਿਓਲ, ਸਾਬਕਾ ਪੰਚ ਹਰਦੀਪ ਸਿੰਘ ਰਾਣੂ, ਕਿਸਾਨ ਸੁਖਵੰਤ ਸਿੰਘ ਪਟਿਆਲੇ ਵਾਲੇ ਹਾਂ, ਕੁਲਬੀਰ ਸਿੰਘ ਰਾਣੂ ਅਤੇ ਸੰਨੀ ਸਿੰਘ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਕਿਸਾਨਾਂ ਨੇ ਦੱਸਿਆ ਕਿ ਪਿੰਡ ਹਮੀਦੀ ਤੋਂ ਗੁਰਮ ਵੱਲ ਜਾਂਦੀ ਲਿੰਕ ਸੜਕ ਅਤੇ ਖੇਤਾਂ ਵੱਲ ਜਾਂਦੇ ਕੱਚੇ ਰਸਤੇ ਦੇ ਨਾਲ ਲੱਗਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਰਾਤ ਦੇ ਸਮੇਂ ਇੱਕ ਕਿਸਾਨ ਦੀ ਮੱਕੀ ਦੀ ਫਸਲ ਵਿੱਚ ਮੋਟਰਸਾਈਕਲ ਖੜ੍ਹਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ। ਕਿਸਾਨਾਂ ਮੁਤਾਬਕ ਕੁਲਬੀਰ ਸਿੰਘ ਦੀ ਮੋਟਰ ਤੋਂ ਲਗਭਗ 100 ਫੁੱਟ ਕੇਬਲ ਤਾਰ, ਸੁਖਵੰਤ ਸਿੰਘ ਪਟਿਆਲੇ ਵਾਲੇ ਦੀ ਮੋਟਰ ਤੋਂ ਕਰੀਬ 150 ਫੁੱਟ ਤਾਰ, ਏਕਮ ਸਿੰਘ ਦਿਓਲ ਦੀਆਂ ਦੋ ਮੋਟਰਾਂ ਤੋਂ 100 ਫੁੱਟ ਤਾਰ, ਨਛੱਤਰ ਸਿੰਘ ਰਾਣੂ ਦੀਆਂ ਦੋ ਮੋਟਰਾਂ ਤੋਂ 60 ਫੁੱਟ ਤਾਰ, ਕਮਲਜੀਤ ਸਿੰਘ ਛੀਨੀਵਾਲੀਆ ਦੀ ਮੋਟਰ ਤੋਂ 50 ਫੁੱਟ ਤਾਰ, ਭੋਲਾ ਸਿੰਘ ਦੀ ਮੋਟਰ ਤੋਂ 60 ਫੁੱਟ ਤਾਰ, ਕੇਵਲ ਸਿੰਘ ਲੌਂਗੋਵਾਲੀਆ ਦੀ ਮੋਟਰ ਤੋਂ 50 ਫੁੱਟ ਤਾਰ, ਹਰਬੰਸ ਸਿੰਘ ਦੀਆਂ ਦੋ ਮੋਟਰਾਂ ਤੋਂ 100 ਫੁੱਟ ਤਾਰ, ਜੋਗਿੰਦਰ ਸਿੰਘ ਦੀ ਮੋਟਰ ਤੋਂ 30 ਫੁੱਟ ਤਾਰ, ਤਾਰਾ ਸਿੰਘ ਦਿਓਲ ਦੀ ਮੋਟਰ ਤੋਂ 20 ਫੁੱਟ ਤਾਰ, ਕੁਲਦੀਪ ਸਿੰਘ ਕੀਪਾ ਦੀ ਮੋਟਰ ਤੋਂ 50 ਫੁੱਟ ਤਾਰ ਅਤੇ ਸਾਬਕਾ ਪੰਚ ਗੁਰਦੀਪ ਸਿੰਘ ਰਾਣੂ ਦੀ ਮੋਟਰ ਤੋਂ 30 ਫੁੱਟ ਕੇਬਲ ਤਾਰ ਚੋਰੀ ਹੋਈ ਹੈ।
ਕਿਸਾਨਾਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਪਸ਼ੂਆਂ ਲਈ ਹਰਾ ਚਾਰਾ ਲੈਣ ਖੇਤਾਂ ਵਿੱਚ ਪਹੁੰਚੇ ਤਾਂ ਮੋਟਰਾਂ ਦੀਆਂ ਕੋਠੀਆਂ ਕੋਲ ਜਾ ਕੇ ਚੋਰੀ ਦੀ ਘਟਨਾ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਇਸ ਤਰ੍ਹਾਂ ਦੀਆਂ ਚੋਰੀਆਂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਚੋਰਾਂ ਨੂੰ ਕਾਬੂ ਨਹੀਂ ਕੀਤਾ ਗਿਆ।ਕਿਸਾਨਾਂ ਵੱਲੋਂ ਥਾਣਾ ਠੁੱਲੀਵਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਥਾਣਾ ਠੁੱਲੀਵਾਲ ਦੇ ਮੁਖੀ ਗੁਰਪਾਲ ਸਿੰਘ ਧਨੌਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
