ਪੁੱਤ ਨੇ ਲੋਹੇ ਦੀ ਰਾਡ ਮਾਰ ਕੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ
Thursday, Jul 09, 2026 - 09:53 PM (IST)
ਮੋਗਾ (ਕਸ਼ਿਸ਼) - ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਬੁੱਧਵਾਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਠੰਢਾ ਖਾਣਾ ਹੋਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਗੁੱਸੇ ਵਿੱਚ ਆਏ 22 ਸਾਲਾ ਪੁੱਤ ਨੇ ਆਪਣੇ ਪਿਓ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ ਪੁੱਤ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਮੇਅਰਜੀਤ ਸਿੰਘ ਪਹਿਲਾਂ ਪਿੰਡ ਦੇ ਇੱਕ ਡਾਕਟਰ ਕੋਲ ਕੰਮ ਕਰਦਾ ਸੀ। ਡਾਕਟਰੀ ਦਾ ਕੁਝ ਤਜਰਬਾ ਹੋਣ ਤੋਂ ਬਾਅਦ ਉਸ ਨੇ ਆਪਣੇ ਘਰ ਵਿੱਚ ਹੀ ਇੱਕ ਛੋਟੀ ਕਲੀਨਿਕ ਖੋਲ੍ਹ ਲਈ ਸੀ ਅਤੇ ਪਿੰਡ ਦੇ ਲੋਕਾਂ ਦਾ ਇਲਾਜ ਕਰਦਾ ਸੀ। ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ, ਜਦਕਿ ਦੂਜੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ। ਘਰ ਵਿੱਚ ਉਹ ਆਪਣੇ 22 ਸਾਲਾ ਪੁੱਤ ਲਵਪ੍ਰੀਤ ਸਿੰਘ ਨਾਲ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਮੇਅਰਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਘਰ ਵਿੱਚ ਅਕਸਰ ਤਣਾਅ ਵਾਲਾ ਮਾਹੌਲ ਬਣਿਆ ਰਹਿੰਦਾ ਸੀ।
ਬੁੱਧਵਾਰ ਰਾਤ ਮੇਅਰਜੀਤ ਸਿੰਘ ਨੇ ਖਾਣਾ ਤਿਆਰ ਕਰਕੇ ਪੁੱਤ ਨੂੰ ਖਾਣ ਲਈ ਆਵਾਜ਼ ਮਾਰੀ। ਉਸ ਸਮੇਂ ਲਵਪ੍ਰੀਤ ਆਪਣੇ ਇੱਕ ਦੋਸਤ ਨਾਲ ਗੱਲਬਾਤ ਵਿੱਚ ਰੁੱਝਿਆ ਹੋਇਆ ਸੀ। ਦੋਸਤ ਦੇ ਚਲੇ ਜਾਣ ਤੋਂ ਬਾਅਦ ਜਦੋਂ ਉਹ ਖਾਣਾ ਖਾਣ ਬੈਠਿਆ ਤਾਂ ਖਾਣਾ ਠੰਢਾ ਹੋ ਚੁੱਕਾ ਸੀ। ਇਸ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਕਾਰ ਤਕਰਾਰ ਸ਼ੁਰੂ ਹੋ ਗਈ। ਦੋਸ਼ ਹੈ ਕਿ ਨਸ਼ੇ ਦੀ ਹਾਲਤ ਵਿੱਚ ਪਿਓ ਨੇ ਪੁੱਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਿਵਾਦ ਵਧਣ 'ਤੇ ਦੋਵਾਂ ਵਿਚਕਾਰ ਹੱਥੋਪਾਈ ਹੋ ਗਈ ਅਤੇ ਗੁੱਸੇ ਵਿੱਚ ਆਏ ਲਵਪ੍ਰੀਤ ਨੇ ਘਰ ਵਿੱਚ ਪਈ ਲੋਹੇ ਦੀ ਰਾਡ ਨਾਲ ਆਪਣੇ ਪਿਓ ਦੇ ਸਿਰ 'ਤੇ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਮੇਅਰਜੀਤ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਡੀਐੱਸਪੀ ਬਾਘਾਪੁਰਾਣਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਘਟਨਾ 8 ਜੁਲਾਈ ਦੀ ਰਾਤ ਕਰੀਬ 9 ਤੋਂ 10 ਵਜੇ ਦੇ ਵਿਚਕਾਰ ਵਾਪਰੀ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀ ਆਪਣੇ ਪਿਓ ਦੀ ਹੱਤਿਆ ਕਰਨ ਦੀ ਕੋਈ ਪਹਿਲਾਂ ਤੋਂ ਯੋਜਨਾ ਜਾਂ ਨੀਅਤ ਨਹੀਂ ਸੀ, ਸਗੋਂ ਝਗੜੇ ਦੌਰਾਨ ਗੁੱਸੇ ਵਿੱਚ ਆ ਕੇ ਉਸ ਨੇ ਇਹ ਹਰਕਤ ਕੀਤੀ। ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ, ਵਾਸੀ ਦਿਆਲਪੁਰਾ (ਜ਼ਿਲ੍ਹਾ ਬਠਿੰਡਾ) ਦੇ ਬਿਆਨਾਂ 'ਤੇ ਲਵਪ੍ਰੀਤ ਸਿੰਘ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ, ਜਦਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
