ਲੁੱਟਾਂ-ਖੋਹਾਂ ਅਤੇ ਡਕੈਤੀ ਦੀ ਯੋਜਨਾ ਬਣਾ ਰਹੇ ਤੇਜ਼ਧਾਰ ਹਥਿਆਰਾਂ ਸਮੇਤ 4 ਕਾਬੂ

Friday, Jun 26, 2026 - 01:46 PM (IST)

ਲੁੱਟਾਂ-ਖੋਹਾਂ ਅਤੇ ਡਕੈਤੀ ਦੀ ਯੋਜਨਾ ਬਣਾ ਰਹੇ ਤੇਜ਼ਧਾਰ ਹਥਿਆਰਾਂ ਸਮੇਤ 4 ਕਾਬੂ

ਮੋਗਾ (ਆਜ਼ਾਦ) : ਮੋਗਾ ਪੁਲਸ ਵਲੋਂ ਲੁੱਟਾਂ-ਖੋਹਾਂ ਅਤੇ ਡਕੈਤੀ ਦੀਆਂ ਯੋਜਨਾ ਬਣਾਉਣ ਵਾਲੇ ਗਿਰੋਹਾਂ ਨੂੰ ਬੇਨਕਾਬ ਕਰਕੇ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਡੀ. ਐੱਸ. ਪੀ. ਸਿਟੀ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਗੁਰਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਜਦੋਂ ਪੁਲਸ ਪਾਰਟੀ ਸਮੇਤ ਦੇਰ ਰਾਤ ਡੀ. ਐੱਮ. ਕਾਲਜ ਦੀ ਪੁਰਾਣੀ ਗਰਾਊਂਡ ਪ੍ਰਵਾਨਾ ਨਗਰ ਦੇ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਮਨਜਿੰਦਰ ਸਿੰਘ ਉਰਫ ਬਿੱਲਾ ਨਿਵਾਸੀ ਕੱਚਾ ਦੁਸਾਂਝ ਰੋਡ ਮੋਗਾ, ਗੁਰਪ੍ਰੀਤ ਸ਼ਰਮਾ ਨਿਵਾਸੀ ਪਿੰਡ ਗਿੱਲ, ਦਵਿੰਦਰ ਸਿੰਘ ਨਿਵਾਸੀ ਪਿੰਡ ਨੱਥੂਵਾਲਾ ਜਦੀਦ, ਸੁਖਚੈਨ ਸਿੰਘ, ਪੇਸ਼ ਸਿੰਘ ਦੋਨੋਂ ਨਿਵਾਸੀ ਪਿੰਡ ਗਿੱਲ ਨੇ ਆਪਣਾ ਗਿਰੋਹ ਬਣਾਇਆ ਹੋਇਆ, ਜਿਨ੍ਹਾਂ ਕੋਲ ਤੇਜਧਾਰ ਮਾਰੂ ਹਥਿਆਰ ਹਨ ਅਤੇ ਉਨ੍ਹਾਂ ਵਿਚੋਂ ਕਈਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਅਪਰਾਧਿਕ ਮਾਮਲੇ ਵੀ ਦਰਜ ਦੱਸੇ ਜਾ ਰਹੇ ਹਨ।

ਅੱਜ ਉਹ ਕਾਲਜ ਦੀ ਗਰਾਊਂਡ ਕੋਲ ਬੈਠ ਕੇ ਇਲਾਕੇ ਵਿਚ ਲੁੱਟਾਂ-ਖੋਹਾਂ ਅਤੇ ਡਕੈਤੀ ਦੀ ਯੌਜਨਾ ਬਣਾ ਰਹੇ ਹਨ, ਜੇਕਰ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਸਾਰੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ, ਇਸ ’ਤੇ ਪੁਲਸ ਪਾਰਟੀ ਨੇ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰਕੇ ਮਨਜਿੰਦਰ ਸਿੰਘ ਉਰਫ ਬਿੱਲਾ, ਗੁਰਪ੍ਰੀਤ ਸ਼ਰਮਾ, ਦਵਿੰਦਰ ਸਿੰਘ ਅਤੇ ਸੁਖਚੈਨ ਸਿੰਘ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਕੋਲੋਂ ਦੋ ਤੇਜ਼ਧਾਰ ਕ੍ਰਿਪਾਨਾਂ, ਇਕ ਲੋਹੇ ਦਾ ਖੰਡਾ ਅਤੇ ਇਕ ਡਾਂਗ ਬਰਾਮਦ ਕੀਤੀ ਗਈ, ਜਦਕਿ ਉਨ੍ਹਾਂ ਦੇ 5ਵੇਂ ਸਾਥੀ ਦੀ ਗ੍ਰਿਫਤਾਰੀ ਬਾਕੀ ਹੈ।

ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਕਾਬੂ ਕਥਿਤ ਮੁਲਜ਼ਮਾਂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਪੰਜਵੇਂ ਸਾਥੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਕਤ ਮਾਮਲੇ ਵਿਚ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।


author

Gurminder Singh

Content Editor

Related News