ਹੱਥ ਪੈਰ ਬੰਨ 2 ਵਿਅਕਤੀਆਂ ਨੂੰ ਉਲਟ ਲਟਕਾ ਕੁੱਟਿਆ, ਸੋਸ਼ਲ ਮੀਡੀਆ ''ਤੇ ਹੋ ਰਹੀ ਵੀਡੀਓ ਵਾਇਰਲ

10/17/2018 8:49:27 PM

ਭਵਾਨੀਗੜ੍ਹ,(ਵਿਕਾਸ)— ਕੁੱਝ ਲੋਕਾਂ ਵੱਲੋਂ ਦੋ ਵਿਅਕਤੀਆਂ ਦੇ ਹੱਥ ਪੈਰ ਬੰਨ ਕੇ ਉਨ੍ਹਾਂ ਨੂੰ ਪੁੱਠਾ ਲਟਕਾ ਕੇ ਕੀਤੀ ਜਾ ਰਹੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਰੋਂਗਟੇ ਖੜੇ ਕਰ ਦੇਣ ਵਾਲੀ ਇਕ ਵੀਡੀਓ ਸਾਹਮਣੇ ਆਈ ਹੈ। ਉਕਤ ਵੀਡੀਓ ਭਵਾਨੀਗੜ੍ਹ ਦੇ ਨੇੜਲੇ ਇਕ ਪਿੰਡ ਦੀ ਦੱਸੀ ਜਾ ਰਹੀ ਹੈ, ਜਿਸ 'ਚ ਕੁੱਝ ਲੋਕ ਪਹਿਲਾਂ ਤਾਂ 'ਤਾਲਿਬਾਨੀ' ਢੰਗ ਨਾਲ ਇਕ ਵਿਅਕਤੀ ਨੂੰ ਰੱਸੀ ਨਾਲ ਬੰਨ ਕੇ ਉਸ ਨੂੰ ਉਲਟਾ ਲਟਕਾ ਰਹੇ ਹਨ ਅਤੇ ਬਾਅਦ 'ਚ ਉਸ ਦੇ ਸਾਥੀ ਨੂੰ ਵੀ ਉਸੇ ਤਰ੍ਹਾਂ ਲਟਕਾ ਕੇ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨਾਂ 'ਤੇ ਚੋਰੀ ਦੇ ਇਲਜ਼ਾਮ ਲੱਗੇ ਸਨ, ਜਿਸ ਦੀ ਸਜ਼ਾ ਇਨ੍ਹਾਂ ਨੂੰ ਪਿੰਡ ਦੇ ਹੀ ਲੋਕਾਂ ਨੇ ਦਿੱਤੀ । ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਨੂੰ ਪੁਲਸ ਹਵਾਲੇ ਕਰਨ ਦੀ ਬਜਾਏ ਭਜਾ ਦਿੱਤਾ। ਕੁੱਟਮਾਰ ਦੀ ਇਹ ਵੀਡੀਓ ਅੱਜ ਪੂਰਾ ਦਿਨ ਵਟਸਐੱਪ, ਫੇਸਬੁੱਕ ਆਦਿ ਸੋਸ਼ਲ ਮੀਡੀਆ 'ਤੇ ਧੜੱਲੇ ਨਾਲ ਵਾਇਰਲ ਹੁੰਦੀ ਰਹੀ। ਓਧਰ ਜਦੋਂ ਇਸ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਸਬੰਧੀ ਭਵਾਨੀਗੜ੍ਹ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਪੁਲਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਵੀਡੀਓ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪੁਲਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ
ਉਨ੍ਹਾ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ। ਭਵਾਨੀਗੜ੍ਹ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਦੋ ਲੋਕਾਂ ਨਾਲ ਹੋ ਰਹੀ ਕੁੱਟਮਾਰ ਦੀ ਵੀਡੀਓ ਉਨ੍ਹਾਂ ਕੋਲ ਵੀ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਚਾਹੇ ਉਹ ਕੋਈ ਦੋਸ਼ੀ ਕਿਉਂ ਨਾ ਹੋਵੇ, ਨਾਲ ਇਸ ਤਰ੍ਹਾਂ ਕੁੱਟਮਾਰ ਕਰਨਾ ਕਾਨੂੰਨ ਨੂੰ ਹੱਥ 'ਚ ਲੈਣ ਦੇ ਬਰਾਬਰ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।


Related News