ਲੱਖਾਂ ਰੁਪਏ ਦੀ ਹੈਰੋਇਨ ਸਮੇਤ 2 ਕਾਬੂ

07/27/2019 1:59:37 AM

ਮੋਗਾ, (ਆਜ਼ਾਦ)- ਥਾਣਾ ਸਦਰ ਪੁਲਸ ਨੇ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਐਂਟੀਨਾਰਕੋਟਿਕ ਡਰੱਗ ਸੈੱਲ ਦੇ ਡੀ. ਐੱਸ. ਪੀ. ਜੋਗਿੰਦਰ ਸਿੰਘ ਅਤੇ ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਮੋਗਾ-ਫਿਰੋਜ਼ਪੁਰ ਜੀ. ਟੀ. ਰੋਡ ’ਤੇ ਸਥਿਤ ਡਗਰੂ ਰੇਲਵੇ ਫਾਟਕਾਂ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਗੱਜਣ ਸਿੰਘ ਨਿਵਾਸੀ ਪਿੰਡ ਝੁੱਗੇ ਨਿਹੰਗਾਂ ਅਤੇ ਪਿੱਪਲ ਸਿੰਘ ਨਿਵਾਸੀ ਪਿੰਡ ਹਾਮਦਚੱਕ (ਫਿਰੋਜ਼ਪੁਰ) ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ ਗੱਜਣ ਸਿੰਘ ਕੋਲੋਂ 265 ਗ੍ਰਾਮ ਹੈਰੋਇਨ ਅਤੇ ਉਸ ਦੇ ਸਾਥੀ ਪਿੱਪਲ ਸਿੰਘ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੱਜਣ ਸਿੰਘ ਨੇ ਕਿਹਾ ਕਿ ਉਸ ਨੂੰ ਉਕਤ ਹੈਰੋਇਨ ਉਸ ਸਮੇਂ ਮਿਲੀ, ਜਦੋਂ ਉਹ ਆਪਣੇ ਪਿੰਡ ਦੇ ਬਾਹਰ ਖੇਤਾਂ ਕੋਲ ਪਸ਼ੂ ਚਰਾ ਰਿਹਾ ਸੀ ਅਤੇ ਅੱਜ ਉਹ ਵਿਕਰੀ ਲਈ ਆਪਣੇ ਸਾਥੀ ਨੂੰ ਨਾਲ ਲੈ ਕੇ ਪਿੰਡ ਸਿੱਧਵਾਂ ਬੇਟ ਚੱਲਿਆ ਸੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਗੱਜਣ ਸਿੰਘ ਖਿਲਾਫ ਪਹਿਲਾਂ ਵੀ 200 ਬੋਤਲਾਂ ਸ਼ਰਾਬ ਮਿਲਣ ’ਤੇ ਥਾਣਾ ਸਦਰ ਫਿਰੋਜ਼ਪੁਰ ’ਚ ਮਾਮਲਾ ਦਰਜ ਹੋਇਆ ਸੀ। ਅੱਜ ਦੋਵਾਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਦੋਵਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ। ਉਕਤ ਹੈਰੋਇਨ ਦੀ ਕੀਮਤ 11 ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।


Bharat Thapa

Content Editor

Related News