ਲਹਿਰਾਗਾਗਾ ''ਚ ਕੁੱਤਿਆਂ ਦਾ ਕਹਿਰ, ਪਸ਼ੂਆਂ ਨੂੰ ਨੋਚ-ਨੋਚ ਖਾ ਗਏ 2 ਕੁੱਤੇ

Wednesday, Jul 27, 2022 - 05:00 PM (IST)

ਲਹਿਰਾਗਾਗਾ(ਗਰਗ/ ਜਿੰਦਲ): ਬੀਤੀ ਰਾਤ ਸਥਾਨਕ ਪੁਰਾਣੀ ਗਊਸ਼ਾਲਾ ਰੋਡ 'ਤੇ ਖੂੰਖਾਰ ਕੁੱਤਿਆਂ ਵੱਲੋਂ ਕੰਧ ਟੱਪ ਕੇ ਪਸ਼ੂਆਂ ਦੇ ਵਾੜੇ ਵਿਚ ਵੜ ਕੇ ਬੇਜ਼ੁਬਾਨ 6 ਕੱਟੀਆਂ ਨੂੰ ਬੁਰੀ ਤਰ੍ਹਾਂ ਨੂੰ ਨੋਚ-ਨੋਚ ਕੇ ਖਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੱਕੀ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਆ ਰਿਹਾ ਅਤੇ ਉਸ ਨੇ ਪਸ਼ੂਆਂ ਨੂੰ ਰੱਖਣ ਲਈ ਵੱਖਰੀ ਥਾਂ ਬਣਾਈ ਹੋਈ ਹੈ। ਜਿੱਥੇ ਕਿ ਬੀਤੀ ਰਾਤ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਰੱਖੇ ਗਏ 2 ਖੂੰਖਾਰ ਕੁੱਤੇ ਕੰਧ ਟੱਪ ਕੇ ਪਸ਼ੂਆਂ ਵਾਲੇ ਵਾੜੇ ਵਿੱਚ ਆ ਗਏ ਤੇ ਉਨ੍ਹਾਂ ਨੇ ਉੱਥੇ ਛੋਟੀਆਂ- ਛੋਟੀਆਂ ਕੱਟੀਆਂ ਨੂੰ ਬੁਰੀ ਤਰ੍ਹਾਂ ਨੋਚ-ਨੋਚ ਖਾ ਲਿਆ। ਜਦੋਂ ਲੋਕਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਕਈ ਕੱਟੀਆਂ ਦੇ ਕੰਨ ਅਤੇ ਪੂਛਾਂ ਗਾਇਬ ਸਨ, ਜਿਨ੍ਹਾਂ ਦੇ ਬੱਚਣ ਦੀ ਉਮੀਦ ਨਾ ਬਰਾਬਰ ਦਿਖਾਈ ਦੇ ਰਹੀ ਸੀ।

ਇਹ ਵੀ ਪੜ੍ਹੋ- ਸਰਹੱਦੀ ਇਲਾਕਿਆਂ ’ਚ ਹੋ ਰਿਹਾ ਗੰਦੇ ਪਾਣੀ ਦਾ ਪ੍ਰਵਾਹ, ਸਰਕਾਰ ਕਰੇਗੀ ਫਿਲਟਰ ਪਲਾਂਟ ਚਾਲੂ : ਬ੍ਰਹਮਸ਼ੰਕਰ ਜਿੰਪਾ

ਪੀੜਤ ਪਰਿਵਾਰ ਵੱਲੋਂ ਡਾਕਟਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਸੀ ਪਰ ਉਨ੍ਹਾਂ ਵਿੱਚੋਂ ਤਿੰਨ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਬਾਕੀ ਬਚੇ ਬੇਜ਼ੁਬਾਨ ਪਸ਼ੂ ਤੜਫਦੇ ਹੋਏ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਜਦੋਂ ਕਿ ਉਨ੍ਹਾਂ ਦੇ ਵੀ ਬਚਣ ਦੀ ਸੰਭਾਵਨਾ ਨਾਂ ਮਾਤਰ ਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਕੁੱਤਿਆਂ ਦੀ ਵਧ ਰਹੀ ਗਿਣਤੀ ਤੋਂ ਸ਼ਹਿਰ ਨਿਵਾਸੀ ਬਹੁਤ ਪ੍ਰੇਸ਼ਾਨ ਹਨ ,ਕੁੱਤੇ ਇੰਨੇ ਖੂੰਖਾਰ ਹੋ ਚੁੱਕੇ ਹਨ ਕਿ ਪਿਛਲੇ ਸਮੇਂ ਵਿੱਚ ਕਈ ਬੱਚਿਆਂ ਨੂੰ ਕੱਟਣ ਦੀਆਂ ਘਟਨਾਵਾਂ ਵੀ ਹੋ ਚੁੱਕੀਆਂ ਹਨ ਪਰ ਇਸ ਬਾਵਜੂਦ ਨਗਰ ਕੌਂਸਲ ਕੁੰਭਕਰਨੀ ਨੀਂਦ ਸੌਂ ਰਹੀ ਹੈ।
ਪ੍ਰਸ਼ਾਸਨ ਕਰੇ ਕੁੱਤਿਆਂ ਦਾ ਸਥਾਈ ਹੱਲ

ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਵੱਲੋਂ CM ਮਾਨ ਤੇ ਸਪੀਕਰ ਸੰਧਵਾਂ ਨੂੰ ਚਿੱਠੀ, ‘ਵਿਸ਼ੇਸ਼ ਬੇਅਦਬੀ ਵਿਰੋਧੀ ਇਜਲਾਸ ਬੁਲਾਉਣ ਦੀ ਮੰਗ'

ਉਕਤ ਮਾਮਲੇ ਤੇ ਪੀੜਤ ਪਰਿਵਾਰਕ ਮੈਂਬਰ ਲੱਕੀ ਸ਼ਰਮਾ ਨੇ ਆਖਿਆ ਕਿ ਬੀਤੀ ਰਾਤ ਖੂੰਖਾਰ ਕੁੱਤਿਆਂ ਵੱਲੋਂ ਉਨ੍ਹਾਂ ਦੇ ਪਸ਼ੂ ਵਾੜੇ ਵਿੱਚ ਵੜਕੇ ਛੇ ਕੱਟੀਆਂ ਨੂੰ ਬੁਰੀ ਤਰ੍ਹਾਂ ਨੋਚ ਕੇ ਖਾ ਲਿਆ,ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀਆਂ ਦੇ ਬਚਣ ਦੀ ਸੰਭਾਵਨਾ ਵੀ ਨਾਮਾਤਰ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ 2 ਲੱਖ ਰੁਪਏ ਦੀਆਂ ਦੋ ਮੱਝਾਂ ਲੈ ਕੇ ਆਏ ਸਨ, ਜਿਨ੍ਹਾਂ ਦੀਆਂ ਕੱਟੀਆਂ ਨੂੰ ਕੁੱਤੇ ਬੁਰੀ ਤਰ੍ਹਾਂ ਨੋਚ-ਨੋਚ ਖਾ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ ਹੈ , ਸਵੇਰੇ 3 ਵਜੇ ਜਦੋਂ ਉਹ ਹਰਾ ਚਾਰਾ ਕਰਨ ਵਾੜੇ ਵਿੱਚ ਗਏ ਤਾਂ ਦੇਖਦੇ ਹੀ  ਉਹ ਕੁੱਤੇ ਭੱਜ ਗਏ, ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਇਸ ਸਬੰਧੀ ਲਿਖਤੀ ਰੂਪ ਵਿੱਚ ਦੇ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਸ਼ਹਿਰ ਅੰਦਰ ਖੂੰਖਾਰ ਹੋ ਰਹੇ ਕੁੱਤਿਆਂ ਦਾ ਸਥਾਈ ਹੱਲ ਕਰੇ ਅਤੇ ਜਿਨ੍ਹਾਂ ਲੋਕਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਹਨ, ਉਨ੍ਹਾਂ ਨੂੰ ਵੀ ਘਰੇ ਬੰਨ੍ਹ ਕੇ ਰੱਖਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਅੰਦਰ ਖੂੰਖਾਰ ਕੁੱਤਿਆਂ ਦੇ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News