ਭ੍ਰਿਸ਼ਟਾਚਾਰ ’ਚ ਸ਼ਾਮਲ ਫਰਾਰ ਚੱਲ ਰਹੇ 2 IFS ਅਧਿਕਾਰੀ ਸਸਪੈਂਡ, ਵਣ ਵਿਭਾਗ ''ਚ ਹੋਏ ਘਪਲੇ ਵਿੱਚ ਹੈ ਸ਼ਮੂਲੀਅਤ
Monday, Nov 21, 2022 - 10:47 AM (IST)
ਲੁਧਿਆਣਾ (ਪੰਕਜ) : ਕਾਂਗਰਸ ਸਰਕਾਰ ਦੌਰਾਨ ਵਣ ਵਿਭਾਗ ਵਿਚ ਹੋਏ ਕਰੋੜਾਂ ਦੇ ਘੋਟਾਲੇ ਵਿਚ ਦੋ ਸਾਬਕਾ ਮੰਤਰੀਆਂ ਸਮੇਤ ਹੋਰਨਾਂ ਖ਼ਿਲਾਫ਼ ਹੋਈ ਐੱਫ. ਆਈ. ਆਰ. ਦੇ ਮਾਮਲੇ ਵਿਚ ਵਿਜੀਲੈਂਸ ਵਲੋਂ ਕੀਤੀ ਜਾਂਚ ਵਿਚ ਸਾਹਮਣੇ 2 ਆਈ ਆਈ. ਐੱਫ. ਐੱਸ. ਅਧਿਕਾਰੀਆਂ ਦੀ ਸ਼ਮੂਲੀਅਤ ਅਤੇ ਡਿਊਟੀ ਤੋਂ ਗਾਇਬ ਰਹਿਣ ’ਤੇ ਸਖ਼ਤ ਹੋਈ ਪੰਜਾਬ ਸਰਕਾਰ ਨੇ ਦੋਵਾਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ਤੋਂ ਬਾਅਦ ਵਿਭਾਗ ਵਿਚ ਹਫੜਾ-ਦਫੜੀ ਮਚ ਗਈ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਵਿਭਾਗ ਵਲੋਂ ਵਣ ਵਿਭਾਗ ਵਿਚ ਹੋਏ ਕਰੋੜਾਂ ਰੁਪਏ ਦੇ ਘੋਟਾਲੇ ਵਿਚ ਜਾਂਚ ਉਪਰੰਤ ਦੋ ਸਾਬਕਾ ਮੰਤਰੀਆਂ ਸੰਗਤ ਸਿੰਘ ਗਿਲਜੀਆਂ ਅਤੇ ਸਾਧੂ ਸਿੰਘ ਧਰਮਸੌਤ ਸਮੇਤ ਹੋਰ ਅਧਿਕਾਰੀਆਂ ਅਤੇ ਠੇਕੇਦਾਰ ਸਮੇਤ 9 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਵਿਚ ਮੰਤਰੀ ਸਮੇਤ ਕਈ ਮੁਲਜ਼ਮਾਂ ਨੂੰ ਵੀ ਕਈ ਮਹੀਨੇ ਜੇਲ੍ਹ ਦੀ ਹਵਾ ਖਾਣੀ ਪਈ ਸੀ।
ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ 'ਤੇ ISI ਦਾ ਦਾਅਵਾ, ਮੁਹੰਮਦ ਉਸਮਾਨ ਨਾਂ ਦੇ ਵਿਅਕਤੀ ਦੀ ਹੋਈ ਹੈ ਮੌਤ
ਇਸ ਮਾਮਲੇ ਵਿਚ ਮੁਲਜ਼ਮਾਂ ’ਤੇ ਖੈਰ ਦੇ ਰੁੱਖ ਵੱਢਣ ਲਈ ਲਾਇਸੈਂਸ ਦੇਣ ਬਦਲੇ ਹਰ ਰੁੱਖ ਇਕ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ, ਕੰਡਿਆਲੀ ਤਾਰ ਲਗਾਉਣ ਅਤੇ ਰੁੱਖਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਜੰਗਲੇ ਲਗਾਉਣ ਸਮੇਤ ਵਿਭਾਗ ਵਿਚ ਪ੍ਰਾਇਮ ਪੋਸਟਿੰਗ ਦੇਣ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਨਾਲ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਕਰਵਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਵਿਚ ਜੁਟੀ ਵਿਜੀਲੈਂਸ ਨੇ ਬਾਅਦ ਵਿਚ ਇਸੇ ਮਾਮਲੇ ਦੀ ਜਾਂਚ ਉਪਰੰਤ ਦੋ ਆਈ. ਐੱਫ. ਐੱਸ. ਅਧਿਕਾਰੀਆਂ ਵਿਸ਼ਾਲ ਚੌਹਾਨ ਅਤੇ ਪ੍ਰਵੀਨ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਸੀ। ਵਿਜੀਲੈਂਸ ਵਲੋਂ ਮਾਮਲੇ ਵਿਚ ਦੋਵਾਂ ਦੀ ਸ਼ਮੂਲੀਅਤ ਤੋਂ ਬਾਅਦ ਤੋਂ ਉਹ ਨਾ ਤਾਂ ਡਿਊਟੀ ’ਤੇ ਦਫ਼ਤਰ ਆ ਰਹੇ ਸਨ, ਨਾ ਹੀ ਉਨ੍ਹਾਂ ਬਾਰੇ ਕੋਈ ਜਾਣਕਾਰੀ ਮਿਲ ਰਹੀ ਸੀ। ਦੋਵੇਂ ਸੀਨੀਅਰ ਅਧਿਕਾਰੀਆਂ ਦੀ ਦਫ਼ਤਰ ਤੋਂ ਗੈਰ-ਹਾਜ਼ਰੀ ’ਤੇ ਗੰਭੀਰ ਰੁਖ ਅਖਤਿਆਰ ਕਰਦੇ ਹੋਏ ਸਰਕਾਰ ਨੇ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।