ਨਸ਼ੇ ਵਾਲੇ ਪਦਾਰਥਾਂ ਸਮੇਤ 14 ਵਿਅਕਤੀ ਗ੍ਰਿਫਤਾਰ

08/26/2019 8:45:06 PM

ਮਾਨਸਾ, (ਸੰਦੀਪ ਮਿੱਤਲ)— ਜ਼ਿਲ੍ਹਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਪੁਲਸ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਕੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਪੁਲਸ ਨੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਗ੍ਰਾਮ ਹੈਰੋਇਨ, 3 ਗ੍ਰਾਮ ਸਮੈਕ, 4 ਕਿਲੋਗ੍ਰਾਮ ਭੁੱਕੀ, 780 ਨਸ਼ੇ ਵਾਲੀਆਂ ਗੋਲੀਆਂ, 620 ਲਿਟਰ ਲਾਹਣ ਅਤੇ 138 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਹੈ, ਜਦਕਿ ਇਕ ਵਿਅਕਤੀ ਭੱਜਣ 'ਚ ਸਫਲ ਹੋ ਗਿਆ, ਜਿਸ ਦੀ ਭਾਲ ਜਾਰੀ ਹੈ।

ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਜੋਗਾ ਦੀ ਪੁਲਸ ਨੇ ਬਲਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰੱਲਾ ਨੂੰ ਕਾਬੂ ਕਰ ਕੇ ਉਸ ਕੋਲੋਂ 600 ਲਿਟਰ ਲਾਹਣ ਅਤੇ 7 ਬੋਤਲਾਂ ਨਾਜਾਇਜ਼ ਸ਼ਰਾਬ, ਥਾਣਾ ਝੁਨੀਰ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਜਵਾਹਰਕੇ ਨੂੰ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ, ਥਾਣਾ ਸਦਰ ਬੁਢਲਾਡਾ ਦੀ ਪੁਲਸ ਨੇ ਅਮਰੀਕ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੱਛੋਆਣਾ ਨੂੰ ਕਾਬੂ ਕਰ ਕੇ ਉਸ ਕੋਲੋਂ 5 ਬੋਤਲਾਂ ਨਾਜਾਇਜ਼ ਸ਼ਰਾਬ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਇਕਬਾਲ ਸਿੰਘ ਵਾਸੀ ਬੱਛੋਆਣਾ ਨੂੰ ਕਾਬੂ ਕਰ ਕੇ ਉਸ ਕੋਲੋਂ 18 ਬੋਤਲਾਂ ਨਾਜਾਇਜ਼ ਸ਼ਰਾਬ, ਥਾਣਾ ਬਰੇਟਾ ਦੀ ਪੁਲਸ ਨੇ ਸੁਖਪਾਲ ਸਿੰਘ ਉਰਫ ਘੋਗਾ ਪੁੱਤਰ ਨਰਾਤਾ ਰਾਮ ਵਾਸੀ ਧਰਮਪੁਰਾ ਅਤੇ ਮਲਕੀਤ ਸਿੰਘ ਉਰਫ ਮੀਤਾ ਪੁੱਤਰ ਛੱਜੂ ਸਿੰਘ ਵਾਸੀ ਧਰਮਪੁਰਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ, ਥਾਣਾ ਸਰਦੂਲਗੜ੍ਹ ਦੀ ਪੁਲਸ ਨੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਜਸਵੰਤ ਸਿੰਘ ਵਾਸੀ ਸਰਦੂਲਗੜ੍ਹ ਨੂੰ ਕਾਬੂ ਕਰ ਕੇ ਉਸ ਕੋਲੋਂ 2 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਕਾਰ ਫੋਰਡ ਫੀਗੋ ਨੰ. ਪੀ ਬੀ 51ਏ-6800 ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ। ਇਸੇ ਤਰ੍ਹਾ ਥਾਣਾ ਝੁਨੀਰ ਦੀ ਪੁਲਸ ਨੇ ਕਾਲਾ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਝੁਨੀਰ ਕੋਲੋਂ 20 ਲਿਟਰ ਲਾਹਣ ਬਰਾਮਦ ਕੀਤੀ ਪਰ ਕਾਲਾ ਸਿੰਘ ਭੱਜਣ 'ਚ ਸਫਲ ਹੋ ਗਿਆ, ਜਿਸ ਦੀ ਭਾਲ ਜਾਰੀ ਹੈ।

ਇਸ ਤੋਂ ਇਲਾਵਾ 6 ਹੋਰ ਮੁਕੱਦਮੇ ਦਰਜ ਕਰ ਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 3 ਗ੍ਰਾਮ ਸਮੈਕ, 4 ਕਿਲੋਗ੍ਰਾਮ ਭੁੱਕੀ, 780 ਨਸ਼ੇ ਵਾਲੀਆਂ ਗੋਲੀਆਂ ਅਤੇ 60 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਦੀ ਬਰਾਮਦਗੀ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


KamalJeet Singh

Content Editor

Related News