12 ਸਾਲਾ ਕੁੜੀ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਟਾਇਪਿੰਗ ਦਾ ਬਣਾਇਆ ਨਵਾਂ ਏਸ਼ੀਆ ਰਿਕਾਰਡ

Sunday, Feb 23, 2025 - 12:35 AM (IST)

12 ਸਾਲਾ ਕੁੜੀ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਟਾਇਪਿੰਗ ਦਾ ਬਣਾਇਆ ਨਵਾਂ ਏਸ਼ੀਆ ਰਿਕਾਰਡ

ਰਾਮਪੁਰਾ ਫੂਲ, (ਤਰਸੇਮ)- ਰਾਮਪੁਰਾ ਫੂਲ ਦੀ 12 ਸਾਲਾਂ ਸਕੂਲੀ ਵਿਦਿਆਰਥਣ ਕਰਸ਼ਿਮਾ ਨੂਰ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਤੇਜ਼ ਗਤੀ ਨਾਲ ਟਾਇਪੰਗ ਦਾ ਇਕ ਨਵਾਂ ਏਸ਼ੀਆ ਰਿਕਾਰਡ ਬਣਾਇਆ ਹੈ। ਕਰਿਸ਼ਮਾ ਨੂਰ ਦੀ ਇਸ ਪ੍ਰਾਪਤੀ ’ਤੇ ਸ਼ਹਿਰ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈਆਂ ਦੇਣ ਵਾਲ‌ਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਪੰਜਾਬ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਐੱਸ. ਐੱਸ. ਪੀ. ਹਰਪਾਲ ਸਿੰਘ ਨੇ ਕਰਸ਼ਿਮਾ ਨੂਰ ਨੂੰ ਇਸ ਪ੍ਰਾਪਤੀ ’ਤੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਹੈ । ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਕਰਸ਼ਿਮਾ ਨੂਰ ਨੇ ਇਕ ਇੰਡੀਆ ਬੁੱਕ ਰਿਕਾਰਡ ਬਣਾਇਆ ਸੀ। ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਸੇਂਟ ਜੇਵੀਅਰ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਕਰਸ਼ਿਮਾ ਨੂਰ ਸਪੁੱਤਰੀ ਰਾਜ ਕੁਮਾਰ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਅੰਗਰੇਜ਼ੀ ਵਰਣਮਾਲਾ ਦੇ ਸਾਰੇ 26 ਅੱਖਰ ਲੈਪਟਾਪ ਤੇ 2 ਸੈਕਿੰਡ 234 ਮਿਲੀ ਸੈਕਿੰਡ ਵਿਚ ਟਾਇਪ ਕੀਤੇ ਹਨ। ਏਸ਼ੀਆ ਬੁੱਕ ਆਫ ਰਿਕਾਰਡ ਵੱਲੋਂ ਇਸ ਦੀ ਪੁਸ਼ਟੀ ਕਰਦਿਆਂ ਉਸਨੂੰ ਸਰਟੀਫਿਕੇਟ ਅਤੇ ਮੈਡਲ ਦਿੱਤਾ ਗਿਆ ਹੈ।

ਵਿਜੀਲੈਂਸ ਵਿਭਾਗ ਬਠਿੰਡਾ ਦੇ ਐੱਸ. ਐੱਸ. ਪੀ. ਹਰਪਾਲ ਸਿੰਘ ਨੇ ਜਦੋਂ ਆਪਣੇ ਦਫਤਰ ਵਿਚ ਕਰਿਸ਼ਮਾ ਨੂੰ ਇਸ ਤਰ੍ਹਾਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਤੇਜ਼ ਗਤੀ ਨਾਲ ਟਾਇਪਿੰਗ ਕਰਦੇ ਦੇਖਿਆਂ ਤਾਂ ਉਹ ਵੀ ਹੈਰਾਨ ਹੋ ਗਏ। ਉਨ੍ਹਾਂ ਕਰਿਸ਼ਮਾ ਨੂੰ ਇਸ ਰਿਕਾਰਡ ’ਤੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਰਿਕਾਰਡ ਦੇ ਨਾਲ ਉਸਨੇ ਜ਼ਿਲੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਸ਼ੋਸ਼ਲ ਮੀਡਿਆ ਅਤੇ ਗੈਰ ਜ਼ਰੂਰੀ ਕੰਮਾਂ ਵਿਚ ਸਮਾਂ ਨਸ਼ਟ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਇਕ ਮਿਸਾਲ ਵੀ ਕਾਇਮ ਕੀਤੀ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦਾ ਸਮਾਂ ਬਹੁਤ ਹੀ ਕੀਮਤੀ ਹੁੰਦਾ ਹੈ ਅਤੇ ਜੋ ਬੱਚੇ ਇਸਦੀ ਕਦਰ ਨਹੀਂ ਕਰਦੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਅੱਗੇ ਚੱਲ ਕੇ ਬਹੁਤ ਪਛਤਾਵਾ ਹੁੰਦਾ ਹੈ। ਉਨ੍ਹਾਂ ਸ਼ਾਰਪ ਬ੍ਰੇਨਸ ਐਜੂਕੇਸ਼ਨ ਵੱਲੋ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਰਿਕਾਰਡ ਦੇ ਲਈ ਤਿਆਰ ਕਰਨ ’ਤੇ ਵੀ ਬਹੁਤ ਵਧਾਈ ‌ਦਿੱਤੀ।

ਸੇਟ ਜ਼ੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲੇਲੀਓ ਫਰਨਾਂਡਿਜ, ਪੰਜਾਬੀ ਯੂਨੀਵਰਿਸਟੀ ਟੀ. ਪੀ. ਡੀ. ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਮੰਡੀ ਦੇ ਪ੍ਰਿੰਸੀਪਲ ਸੁਨੀਲ ਗੁਪਤਾ, ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕੁਲਜੀਤ ਸਿੰਘ, ਨਗਰ ਕੌਂਸਲਰ ਸੁਨੀਲ ਬਿੱਟਾ, ਬਿੰਦੂ ਬਿੱਟਾ, ਹੈਪੀ ਬਾਂਸਲ, ਪ੍ਰਿੰਸ ਨੰਦਾ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਡਾ. ਜਤਿੰਦਰ ਬਾਂਸਲ, ਡਾ. ਸਿੰਮੀ ਬਾਂਸਲ, ਡਾ. ਅਨੀਤਾ ਗਰੋਵਰ, ਡਾ. ਨਰਿੰਦਰ ਗਰੋਵਰ, ਡਾ. ਐੱਸ. ਪੀ. ਮੰਗਲਾ, ਡਾ. ਆਰ. ਪੀ. ਸਿੰਘ, ਡਾ. ਬਲਜਿੰਦਰ ਸਿੰਘ ਜੋੜਾ, ਡਾ. ਸੁਖਜੀਤ ਸਿੰਘ ਜਟਾਣਾ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਹਲਕਾ ਪ੍ਰਧਾਨ ਸ਼ੇਰ ਬਹਾਦਰ ਸਿੰਘ ਧਾਲੀਵਾਲ ਆਦਿ ਨੇ ਕਰਸ਼ਿਮਾ ਨੂਰ ਅਤੇ ਪਰਿਵਾਰ ਨੂੰ ਇਸ ਪ੍ਰਾਪਤੀ ’ਤੇ ਹਾਰਦਿਕ ਵਧਾਈ ਦਿੱਤੀ ਹੈ।


author

Rakesh

Content Editor

Related News