ਧਾਰਮਿਕ ਸਥਾਨ ''ਤੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ

10/10/2019 7:43:56 PM

ਤਪਾ ਮੰਡੀ, (ਸ਼ਾਮ, ਗਰਗ)— ਪਿੰਡ ਖੁੱਡੀ ਖੁਰਦ ਅਤੇ ਘੁੰਨਸ ਵਿਚਾਲੇ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸ਼ਰਧਾਲੂਆਂ ਨਾਲ ਭਰੇ ਇਕ ਛੋਟੇ ਹਾਥੀ ਦਾ ਟਾਇਰ ਫੱਟਣ ਕਾਰਨ 45 ਸ਼ਰਧਾਲੂਆਂ 'ਚੋਂ ਦਰਜਨ ਦੇ ਕਰੀਬ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਸਬ ਡਵੀਜ਼ਨਲ ਹਸਪਤਾਲ 'ਚ ਜ਼ੇਰੇ ਇਲਾਜ ਜ਼ਖਮੀਆਂ 'ਚ ਕਾਕਾ ਸਿੰਘ ਨੇ ਦੱਸਿਆ ਕਿ ਬੱਲੂਆਣਾ ਤੋਂ ਕਈ ਪਰਿਵਾਰ ਇਕੱਠੇ ਹੋ ਕੇ ਬਾਬਾ ਪੀਰ ਮਾਲੇਰਕੋਟਲਾ ਦੇ ਸੁੱਖ ਲਾਹੁਣ ਲਈ ਜਾ ਰਹੇ ਸਨ ਪਰ ਜਦ ਛੋਟਾ ਹਾਥੀ ਪਿੰਡ ਖੁੱਡੀ ਖੁਰਦ ਲਾਗੇ ਪੁੱਜਾ ਤਾਂ ਵਾਹਨ ਦਾ ਟਾਇਰ ਫੱਟ ਗਿਆ ਤੇ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਡਾਵਾਂਡੋਲ ਸਥਿਤੀ 'ਚ ਛੋਟੇ ਹਾਥੀ ਵਿਚਲੇ ਸਵਾਰ ਅਤੇ ਪਿਆ ਸਾਮਾਨ ਇਕ ਦੂਜੇ 'ਤੇ ਡਿੱਗਣਾ ਸ਼ੁਰੂ ਹੋ ਗਿਆ। ਜਿਸ ਕਾਰਨ ਦਰਜਨ ਭਰ ਤੋਂ ਜ਼ਿਆਦਾ ਸਵਾਰੀਆਂ ਜ਼ਖਮੀ ਹੋ ਗਈਆਂ। ਘਟਨਾ ਸਬੰਧੀ ਪਤਾ ਲੱਗਦਿਆਂ ਹੀ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਦੇ ਵਾਲੰਟੀਅਰ ਅਤੇ 108 ਐਂਬੂਲੈਂਸ ਵੀ ਘਟਨਾ ਸਥਾਨ 'ਤੇ ਪੁੱਜੀ। ਜਿਨ੍ਹਾਂ ਨੇ ਜ਼ਖਮੀਆਂ ਨੂੰ ਸਬ ਡਵੀਜ਼ਨਲ ਹਸਪਤਾਲ ਅੰਦਰ ਇਲਾਜ ਲਈ ਦਾਖਲ ਕਰਵਾਇਆ।
ਉੱਧਰ, ਹਸਪਤਾਲ ਅੰਦਰ ਸਰਕਾਰੀ ਡਾਕਟਰਾਂ ਦੀ ਟੀਮ ਨੇ ਜ਼ਖਮੀਆਂ ਦੇ ਪਹੁੰਚਣ ਸਾਰ ਹੀ ਉਨ੍ਹਾਂ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਦੁਰਘਟਨਾ ਦਾ ਪਤਾ ਲੱਗਦਿਆਂ ਕੁਝ ਪ੍ਰਾਈਵੇਟ ਡਾਕਟਰ ਵੀ ਹਸਪਤਾਲ ਅੰਦਰ ਜ਼ਖਮੀਆਂ ਦੀ ਸੰਭਾਲ ਲਈ ਪੁੱਜੇ ਹੋਏ ਸਨ। ਜ਼ਖਮੀਆਂ 'ਚ ਹਰਦੀਪ ਸਿੰਘ, ਸ਼ਿੰਦਰ ਕੌਰ, ਇੰਦਰਜੀਤ ਸਿੰਘ 3 ਸਾਲ, ਰਾਜਵੀਰ ਕੌਰ, ਜਸ਼ਨਦੀਪ ਸਿੰਘ, ਕਰਮਜੀਤ ਕੌਰ, ਦਲਜੀਤ ਸਿੰਘ, ਭਗਵੰਤ ਸਿੰਘ, ਸ਼ਿੰਗਾਰਾ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਕੌਰ, ਹਰਵਿੰਦਰ ਸਿੰਘ ਆਦਿ ਪ੍ਰਮੁੱਖ ਜ਼ਖਮੀ ਸਨ। ਛੋਟਾ ਹਾਥੀ ਚਾਲਕ ਰਾਜਵੀਰ ਸਿੰਘ ਅਤੇ ਕਲੀਨਰ ਦੁਰਘਟਨਾ 'ਚ ਬਚ ਗਏ। ਜਿਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਅੰਦਰ ਪਹੁੰਚਾਉਣ ਲਈ ਕਾਫੀ ਕੋਸ਼ਿਸ਼ ਤਾਂ ਕੀਤੀ ਪਰ ਗੱਡੀ 'ਚ ਸਮਰੱਥਾ ਤੋਂ ਵਧੇਰੇ ਸਵਾਰੀਆਂ ਸਵਾਰ ਸਨ, ਜੋ ਜ਼ਿਆਦਾ ਸੱਟਾਂ ਲੱਗਣ ਦੀਆਂ ਮੁੱਖ ਕਾਰਣ ਬਣੀਆਂ। ਉੱਧਰ , ਹਸਪਤਾਲ ਅੰਦਰਲੇ ਸਟਾਫ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ, ਜਦਕਿ ਜ਼ਖਮੀਆਂ 'ਚ ਸਭ ਤੋਂ ਵਧੇਰੇ ਔਰਤਾਂ ਅਤੇ ਬੱਚਿਆਂ ਦੇ ਸੱਟਾਂ ਲੱਗੀਆਂ। ਘਟਨਾ ਦਾ ਪਤਾ ਲੱਗਦੇ ਹੀ ਜ਼ਖਮੀਆਂ ਦੇ ਸਕੇ-ਸਬੰਧੀ ਹਸਪਤਾਲ ਤਪਾ ਪੁੱਜਣੇ ਸ਼ੁਰੂ ਹੋ ਗਏ।


KamalJeet Singh

Content Editor

Related News