ਹੈਰੋਇਨ ਅਤੇ ਨਸ਼ੇ ਵਾਲੇ ਪਦਾਰਥਾਂ ਸਮੇਤ 10 ਕਾਬੂ

06/01/2020 12:50:02 AM

ਮਾਨਸਾ, (ਮਨਜੀਤ)- ਜ਼ਿਲਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 10 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 9 ਗ੍ਰਾਮ ਹੈਰੋਇਨ (ਚਿੱਟਾ), 350 ਲੀਟਰ ਲਾਹਣ ਅਤੇ 89 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਹੈ। ਜਦੋਂ ਕਿ 3 ਵਿਅਕਤੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਜਸਪਾਲ ਸਿੰਘ ਵਾਸੀ ਨਰਿੰਦਰਪੁਰਾ ਨੂੰ ਕਾਬੂ ਕਰ ਕੇ 9 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤਾ। ਜਦੋਂ ਕਿ ਉਕਤ ਵਿਅਕਤੀ ਦੀ ਮੁੱਢਲੀ ਪੁੱਛਗਿੱਛ ਦੌਰਾਨ ਵੀਰਪਾਲ ਕੌਰ ਵਾਸੀ ਸੁਨਾਮ ਨੂੰ ਨਾਮਜ਼ਦ ਕੀਤਾ ਗਿਆ ਪਰ ਉਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਇਸ ਤੋਂ ਇਲਾਵਾ ਥਾਣਾ ਸਰਦੂਲਗੜ੍ਹ ਦੀ ਪੁਲਸ ਨੇ ਨਿਸ਼ਾਨ ਸਿੰਘ ਵਾਸੀ ਝੰਡਾ ਕਲਾਂ ਨੂੰ ਕਾਬੂ ਕਰ ਕੇ 200 ਲੀਟਰ ਲਾਹਣ, ਝੁਨੀਰ ਪੁਲਸ ਨੇ ਨਛੱਤਰ ਸਿੰਘ ਵਾਸੀ ਖਿਆਲੀ ਚਹਿਲਾਂਵਾਲੀ ਨੂੰ ਕਾਬੂ ਕਰ ਕੇ 50 ਲੀਟਰ ਲਾਹਣ, ਬੋਹਾ ਪੁਲਸ ਨੇ ਅਜੇ ਕੁਮਾਰ ਅਤੇ ਮੁਰਲੀ ਰਾਮ ਵਾਸੀਆਨ ਬੁਢਲਾਡਾ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ), ਜੋਗਾ ਪੁਲਸ ਨੇ ਸੁਖਪਾਲ ਸਿੰਘ ਵਾਸੀ ਅਕਲੀਆ ਨੂੰ ਕਾਬੂ ਕਰ ਕੇ 9 ਬੋਤਲਾਂ ਨਾਜਾਇਜ਼ ਸ਼ਰਾਬ, ਥਾਣਾ ਸਦਰ ਮਾਨਸਾ ਪੁਲਸ ਨੇ ਜਰਨੈਲ ਸਿੰਘ ਵਾਸੀ ਦਲੇਲ ਸਿੰਘ ਵਾਲਾ ਨੂੰ ਕਾਬੂ ਕਰ ਕੇ 9 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌਕੀਨ (ਹਰਿਆਣਾ), ਥਾਣਾ ਸਿਟੀ 1 ਮਾਨਸਾ ਦੀ ਪੁਲਸ ਨੇ ਸੁਖਵਿੰਦਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰ ਕੇ 9 ਬੋਤਲਾਂ ਸ਼ਰਾਬ ਨਾਜਾਇਜ਼, ਬਰੇਟਾ ਪੁਲਸ ਨੇ ਰਣਜੀਤ ਸਿੰਘ ਵਾਸੀ ਸਿਰਸੀਵਾਲਾ ਨੂੰ ਕਾਬੂ ਕਰ ਕੇ 9 ਬੋਤਲਾਂ ਸ਼ਰਾਬ ਨਾਜਾਇਜ਼, ਜੋਗਾ ਪੁਲਸ ਨੇ ਬਲਵਿੰਦਰ ਸਿੰਘ ਵਾਸੀ ਰੱਲਾ ਨੂੰ ਕਾਬੂ ਕਰ ਕੇ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ।
ਇਸੇ ਤਰ੍ਹਾਂ ਸਰਦੂਲਗੜ੍ਹ ਪੁਲਸ ਨੇ ਪਾਲਾ ਸਿੰਘ ਵਾਸੀ ਝੰਡਾ ਕਲਾਂ ਕੋਲੋਂ 9 ਬੋਤਲਾਂ ਸ਼ਰਾਬ ਨਾਜਾਇਜ਼ ਅਤੇ ਜੌੜਕੀਆਂ ਪੁਲਸ ਨੇ ਨਾਇਬ ਸਿੰਘ ਵਾਸੀ ਕੁਸਲਾ ਕੋਲੋਂ 100 ਲੀਟਰ ਲਾਹਣ ਬਰਾਮਦ ਕੀਤੀ ਪਰ ਉਕਤ ਦੋਵੇਂ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News