ਅੰਤਰਰਾਸ਼ਟਰੀ ਮਹਿਲਾ ਦਿਹਾੜੇ ਦੇ ਮੌਕੇ ਮਹਿਲਾਵਾਂ ਵੱਲੋਂ ਸੰਭਾਲੀ ਜਾਵੇਗੀ ਕਿਸਾਨ ਅੰਦੋਲਨ ਦੀ ਕਮਾਨ

Monday, Mar 08, 2021 - 11:25 AM (IST)

ਅੰਤਰਰਾਸ਼ਟਰੀ ਮਹਿਲਾ ਦਿਹਾੜੇ ਦੇ ਮੌਕੇ ਮਹਿਲਾਵਾਂ ਵੱਲੋਂ ਸੰਭਾਲੀ ਜਾਵੇਗੀ ਕਿਸਾਨ ਅੰਦੋਲਨ ਦੀ ਕਮਾਨ

ਗੁਰਦਾਸਪੁਰ (ਹਰਮਨ) - ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਿਹਾ ਕਿਸਾਨ ਮੋਰਚਾ 158ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ, ਜਦੋਂਕਿ ਭੁੱਖ ਹੜਤਾਲ 75ਵੇਂ ਦਿਨ ਵੀ ਨਿਰਵਿਘਨ ਜਾਰੀ ਹੈ। ਇਸ ਤਹਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਿਸਾਨਾਂ ਵਲੋਂ ਮੋਰਚੇ ਵਾਲੇ ਸਥਾਨ ’ਤੇ ਕੀਤਾ ਜਾਣ ਵਾਲਾ ਪ੍ਰੋਗਰਾਮ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਨੂੰ ਸਮਰਪਿਤ ਹੋਵੇਗਾ, ਜਿਸ ਦੀ ਸਾਰੀ ਕਮਾਨ ਮਹਿਲਾਵਾਂ ਸੰਭਾਲਣਗੀਆਂ। ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਖਦੇਵ ਸਿੰਘ ਭਾਗੋਕਾਵਾਂ, ਮੱਖਣ ਸਿੰਘ ਕੁਹਾੜ, ਸੰਤੋਖ ਸਿੰਘ ਸੰਘੇੜਾ, ਅਮਰਜੀਤ ਸਿੰਘ ਸੈਣੀ, ਬਲਬੀਰ ਸਿੰਘ ਰੰਧਾਵਾ, ਸੁਖਦੇਵ ਸਿੰਘ ਭੋਜਰਾਜ, ਐੱਸਪੀ ਸਿੰਘ ਗੋਸਲ, ਗੁਰਦੀਪ ਸਿੰਘ ਮੁਸਤਫਾਬਾਦ, ਕਪੂਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਘੁੰਮਣ, ਐੱਨ.ਆਰ.ਆਈ. ਸੰਸਥਾ ਦੇ ਆਗੂ ਹਰਜੀਤ ਸਿੰਘ ਠੇਠਰਕੇ, ਜਸਵੰਤ ਸਿੰਘ ਪਾਹੜਾ ਅਤੇ ਲਖਵਿੰਦਰ ਸਿੰਘ ਸੋਹਲ ਨੇ ਕਿਹਾ ਕਿ ਕਿਸਾਨ ਅੰਦੋਲਨ ਸ਼ੁਰੂ ਕਰਨ ਦੇ ਕਈ ਮਹੀਨੇ ਬਾਅਦ ਵੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਜਿਉਂ ਦੀ ਤਿਉਂ ਹੈ।

ਆਗੂਆਂ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਓਨੀ ਦੇਰ ਉਨ੍ਹਾਂ ਦਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਆਗੂਆਂ ਨੇ ਦੱਸਿਆ ਕਿ ਐੱਨ. ਆਰ. ਆਈ. ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਿੰਡ ਖੋਖਰ ਵਿਖੇ ਸ਼ਹੀਦ ਕਿਸਾਨ ਸੁੱਚਾ ਸਿੰਘ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਲਈ ਗਏ ਸਨ ਪਰ ਸ਼ਹੀਦ ਕਿਸਾਨ ਦੇ ਭਰਾ ਬਾਬਾ ਰੂਪ ਸਿੰਘ ਨੇ ਇਹ ਆਰਥਿਕ ਸਹਾਇਤਾ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਰਾਸ਼ੀ ਕਿਸੇ ਹੋਰ ਲੋੜਵੰਦ ਸ਼ਹੀਦ ਪਰਿਵਾਰ ਨੂੰ ਦੇ ਦਿੱਤੀ ਜਾਵੇ। ਇਸ ਮੌਕੇ ਕੁਲਵੰਤ ਸਿੰਘ, ਕਰਨੈਲ ਸਿੰਘ, ਅਮਰਪਾਲ ਟਾਂਡਾ, ਸੁਖਦੇਵ ਸਿੰਘ ਗੋਸਲ, ਹਰਦੀਪ ਸਿੰਘ ਵਡਾਲਾ, ਕੁਲਬੀਰ ਸਿੰਘ ਗੁਰਾਇਆ, ਹਰਦੀਪ ਸਿੰਘ ਕਲੀਜਪੁਰ, ਅਵਿਨਾਸ਼ ਸਿੰਘ, ਨਰਿੰਦਰ ਸਿੰਘ ਕਾਹਲੋਂ, ਬਲਵਿੰਦਰ ਸਿੰਘ, ਸੂਬੇਦਾਰ ਹਰਦਿਆਲ ਸਿੰਘ ਆਦਿ ਮੌਜੂਦ ਸਨ।
 


author

rajwinder kaur

Content Editor

Related News