200 ਕਰੋਡ਼ ਦੀ ਲਾਗਤ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਬਣੇਗਾ ਵਰਲਡ ਕਲਾਸ
Thursday, Nov 15, 2018 - 03:18 AM (IST)

ਅੰਮ੍ਰਿਤਸਰ, (ਕਮਲ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਐੱਮ. ਪੀ. ਸ਼ਵੇਤ ਮਲਿਕ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਿਕਾਸ ਕੰਮਾਂ ਦੀ ਜਾਂਚ ਲਈ ਪੁੱਜੇ। ਮਲਿਕ ਦੀਆਂ ਕੋਸ਼ਿਸ਼ਾਂ ਦੀ ਬਦੌਲਤ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ 200 ਕਰੋਡ਼ ਰੁਪਏ ਨਾਲ ਸਭ ਸਹੂਲਤਾਂ ਨਾਲ ਲੈਸ ਵਰਲਡ ਕਲਾਸ ਸਟੇਸ਼ਨ ਬਣ ਰਿਹਾ ਹੈ। 70 ਸਾਲਾਂ ਦੇ ਲੰਬੇ ਕਾਰਜਕਾਲ ’ਚ ਕਾਂਗਰਸ ਨੇ ਸੰਸਾਰ ਪ੍ਰਸਿੱਧ ਗੁਰੂ ਕੀ ਨਗਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਮਲਿਕ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਵਿਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਤੀਰਥ, ਸ੍ਰੀ ਵਾਲਮੀਕਿ ਤੀਰਥ ਤੇ ਜਲਿਆਂਵਾਲਾ ਬਾਗ ਵਿਖੇ ਹਰ ਰੋਜ਼ ਲੱਗਿਣਤੀ ਵਿਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਲਈ ਪਹਿਲਾਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੁਣ ਰੇਲਵੇ ਸਟੇਸ਼ਨ ’ਤੇ ਯਾਤਰੀਅਾਂ ਨੂੰ ਹਰ ਸਹੂਲਤ ਨਾਲ ਲੈਸ ਆਧੁਨਿਕ ਸੁਵਿਧਾਵਾਂ ਉਪਲਬਧ ਕਰਵਾਈਆਂ।
ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਿਕਾਸ ਕੰਮਾਂ ਦੀ ਜਾਂਚ ਕਰਨ ਪੁੱਜੇ ਸ਼ਵੇਤ ਮਲਿਕ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸਿਰਫ 5 ਪਲੇਟਫਾਰਮ ਸਨ, ਜਿਸ ਕਾਰਨ ਜਿਥੇ ਨਵੀਆਂ ਗੱਡੀਆਂ ਅੰਮ੍ਰਿਤਸਰ ਨੂੰ ਨਹੀਂ ਮਿਲ ਸਕੀਆਂ ਸਨ ਅਤੇ ਮਾਨਾਂਵਾਲਾ ’ਤੇ ਗੱਡੀ ਪਲੇਟਫਾਰਮ ਖਾਲੀ ਹੋਣ ਦੇ ਇੰਤਜ਼ਾਰ ਵਿਚ 1 ਘੰਟਾ ਖਡ਼੍ਹੀ ਰਹਿੰਦੀ ਸੀ। ਮਲਿਕ ਪਹਿਲੇ ਐੱਮ. ਪੀ. ਹਨ ਜਿਨ੍ਹਾਂ ਨੇ ਰੇਲਵੇ ਸਟੇਸ਼ਨ ਦੀ ਸਾਰ ਲਈ। ਉਨ੍ਹਾਂ ਕਿਹਾ ਕਿ 90 ਫ਼ੀਸਦੀ ਜਨਤਾ ਰੇਲਵੇ ਰਾਹੀਂ ਸਫਰ ਕਰਦੀ ਹੈ, ਜਿਨ੍ਹਾਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਦਾ ਵਿਕਸਿਤ ਹੋਣਾ ਬਹੁਤ ਜ਼ਰੂਰੀ ਹੈ। ਅੰਮ੍ਰਿਤਸਰ ਜ਼ਿਲੇ ’ਚ 5 ਨਵੇਂ ਪਲੇਟਫਾਰਮ ਬਣਾਏ ਜਾ ਰਹੇ ਹਨ, ਜਿਨ੍ਹਾਂ ’ਚ 2 ਨਵੇਂ ਪਲੇਟਫਾਰਮ ਅੰਮ੍ਰਿਤਸਰ ’ਚ ਤੇ 3 ਨਵੇਂ ਪਲੇਟਫਾਰਮ ਛੇਹਰਟਾ ਰੇਲਵੇ ਸਟੇਸ਼ਨ ’ਤੇ ਬਣਾਏ ਜਾ ਰਹੇ ਹਨ। ਸਟੇਸ਼ਨ ਦੇ ਪਲੇਟਫਾਰਮ ਨੰ. 1 ’ਤੇ ਗ੍ਰੇਨਾਈਟ ਪੱਥਰ ਲਾਇਆ ਜਾ ਰਿਹਾ ਹੈ ਤੇ ਪਲੇਟਫਾਰਮ ਨੰ. 1 (ਏ), 2, 3, 4, 5, 6 ਤੇ 7 ’ਤੇ ਕੋਟ ਸਟੋਨ ਲਾਇਆ ਜਾ ਰਿਹਾ ਹੈ। ਮਲਿਕ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਲੇਟਫਾਰਮ ’ਤੇ ਕੀਮਤੀ ਗ੍ਰੇਨਾਈਟ ਪੱਥਰ ਲਵਾਏ। ਆਧੁਨਿਕ ਇਲੈਕਟ੍ਰੋਨਿਕ ਨਵੀਂ ਟਿਕਟ ਵੰਡ ਸਿਸਟਮ ਖਿਡ਼ਕੀ (ਪੂਰੀ ਤਰ੍ਹਾਂ ਏ. ਸੀ.) ਬਣਵਾਈ ਗਈ ਹੈ।
ਯਾਤਰੀਅਾਂ ਦੀ ਸਹੂਲਤ ਲਈ ਵਰਲਡ ਕਲਾਸ ਈਕੋ ਪੱਖਾ ਜੋ ਕਿ 50 ਪੱਖਿਆਂ ਦੀ ਹਵਾ ਇਕੱਠੀ ਦਿੰਦਾ ਹੈ, ਇਸ ਦੇ ਨਾਲ ਸਟੇਸ਼ਨ ’ਤੇ ਪਾਰਕਿੰਗ ਵਿਵਸਥਾ, ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰਾ, 2 ਐਕਸੀਲੇਟਰ, ਬਜ਼ੁਰਗਾਂ ਤੇ ਅਪਾਹਜਾਂ ਲਈ 5 ਲਿਫਟਾਂ ਲਵਾਈਆਂ ਗਈਆਂ ਹਨ। ਨਵੇਂ ਵੇਟਿੰਗ ਅਤੇ ਰਿਟਾਈਰਿੰਗ ਰੂਮ, ਨੇੜੇ ਪੈਂਦੇ ਪਿੰਡਾਂ ਤੋਂ ਆਏ ਯਾਤਰੀਅਾਂ ਅਤੇ ਗੱਡੀ ਦੀ ਉਡੀਕ ਕਰ ਰਹੇ ਯਾਤਰੀਆਂ ਲਈ ਵੇਟਿੰਗ ਹਾਲ ਦੇ ਨਾਲ ਯਾਤਰੀਅਾਂ ਦੀ ਸਹੂਲਤ ਲਈ ਡਿਸਪਲੇ ਬੋਰਡ ਲਾਏ ਜਾ ਰਹੇ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਬਿਜਲੀ ਪੂਰਤੀ ਲਈ ਸੋਲਰ ਸਿਸਟਮ ਲਾਇਆ ਗਿਆ ਹੈ ਤਾਂ ਕਿ ਬਿਜਲੀ ਦੇ ਖਰਚੇ ਤੋਂ ਬਚਿਆ ਜਾ ਸਕੇ। ਵਪਾਰੀਆਂ ਦੀ ਸਹੂਲਤ ਲਈ ਨਵਾਂ ਪਾਰਸਲ ਰੂਮ ਤਿਆਰ ਕੀਤਾ ਜਾ ਰਿਹਾ ਹੈ। ਗੱਡੀਆਂ ਦੀ ਸਾਫ਼-ਸਫਾਈ ਲਈ 2 ਨਵੀਅਾਂ ਵਾਸ਼ਿੰਗ ਲਾਈਨਾਂ ਬਣਾਈਅਾਂ ਗਈਅਾਂ ਹਨ।
ਮਲਿਕ ਨੇ ਦੱਸਿਆ ਕਿ ਛੇਹਰਟਾ ਰੇਲਵੇ ਸਟੇਸ਼ਨ ’ਤੇ 61 ਕਰੋਡ਼ ਦੇ ਵਿਕਾਸ ਕਾਰਜ ਚੱਲ ਰਹੇ ਹਨ, ਕੰਮ ਪੂਰਾ ਹੋਣ ਤੋਂ ਬਾਅਦ 23 ਗੱਡੀਆਂ ਨੂੰ ਛੇਹਰਟਾ ਰੇਲਵੇ ਸਟੇਸ਼ਨ ਤੋਂ ਚਲਾਇਆ ਜਾਵੇਗਾ, ਜਿਸ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਗੱਡੀਆਂ ਦਾ ਟ੍ਰੈਫਿਕ ਘੱਟ ਹੋਵੇਗਾ। ਰੇਲਵੇ ਲਾਈਨ ’ਤੇ ਸਿਗਨਲ ਦੇਣ ਲਈ ਪਹਿਲਾਂ ਮੈਨੂਅਲੀ ਸਿਸਟਮ ਵਰਤਿਆ ਜਾਂਦਾ ਸੀ, ਜਿਸ ਕਾਰਨ ਹਾਦਸਾ ਹੋ ਜਾਂਦਾ ਸੀ ਪਰ ਹੁਣ ਆਧੁਨਿਕ ਇਲੈਕਟ੍ਰੋਨਿਕ ਟੈਕਨਾਲੋਜੀ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਗੋਲਬਾਗ ਵਾਲੇ ਸਟੇਸ਼ਨ ’ਤੇ ਸ੍ਰੀ ਦੁਰਗਿਆਣਾ ਮੰਦਰ ਦਾ ਮਾਡਲ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟੇਸ਼ਨ ’ਤੇ ਨਵੀਂ ਐੱਲ. ਈ. ਡੀ. ਲਾਈਟ ਲਾਈ ਜਾ ਰਹੀ ਹੈ। ਵਾਤਾਵਰਣ ਦੀ ਹਿਫਾਜ਼ਤ ਲਈ ਸਟੇਸ਼ਨ ’ਤੇ ਵਰਟੀਕਲ ਗਾਰਡਨ ਬਣਾਇਆ ਗਿਆ ਹੈ। ਸਟੇਸ਼ਨ ਦੇ ਬਾਹਰ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਅਤੇ ਸਕੈਨਰ ਲਾਏ ਜਾ ਰਹੇ ਹਨ।
ਇਸ ਮੌਕੇ ਜ਼ਿਲਾ ਭਾਜਪਾ ਪ੍ਰਧਾਨ ਆਨੰਦ ਸ਼ਰਮਾ, ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਰਜਿੰਦਰ ਮੋਹਨ ਛੀਨਾ, ਪ੍ਰਦੇਸ਼ ਸਕੱਤਰ ਰਾਕੇਸ਼ ਗਿੱਲ, ਸੁਰੇਸ਼ ਮਹਾਜਨ, ਕੇਵਲ ਕੁਮਾਰ, ਸਾਬਕਾ ਮੇਅਰ ਬਖਸ਼ੀ ਰਾਮ ਅਰੋਡ਼ਾ, ਜਨਰਲ ਸਕੱਤਰ ਅਨੁਜ ਸਿੱਕਾ, ਉਪ ਪ੍ਰਧਾਨ ਰਾਜਿੰਦਰ ਮਹਾਜਨ ਪੱਪੂ, ਪ੍ਰਦੇਸ਼ ਮੀਡੀਆ ਸਹਿ-ਇੰਚਾਰਜ ਡਾ. ਹਰਵਿੰਦਰ ਸਿੰਘ ਸੰਧੂ, ਜਨਾਰਦਨ ਸ਼ਰਮਾ, ਪਵਨ ਖੰਨਾ ਆਦਿ ਭਾਜਪਾ ਵਰਕਰ ਹਾਜ਼ਰ ਸਨ।