ਵਿਭਾਗ ਦੀ ਟੀਮ ਵੱਲੋਂ ਪਾਣੀ ਪੈਕ ਕਰਨ ਵਾਲੀ ਮਿੰਨੀ ਫੈਕਟਰੀ ’ਤੇ ਛਾਪਾ
Friday, Oct 12, 2018 - 02:29 AM (IST)

ਤਰਨਤਾਰਨ, (ਰਮਨ)- ਸਿਹਤ ਵਿਭਾਗ ਵੱਲੋਂ ਅੱਜ ਇਕ ਪਾਣੀ ਪੈਕ ਕਰਨ ਵਾਲੀ ਮਿੰਨੀ ਫੈਕਟਰੀ ’ਤੇ ਛਾਪਾ ਮਾਰ ਕੇ 7200 ਗਲਾਸ ਅਤੇ 204 ਬੋਤਲਾਂ ਪਾਣੀ ਨੂੰ ਕਬਜ਼ੇ ਵਿਚ ਲੈ ਮਸ਼ੀਨ ਨੂੰ ਸੀਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਐੱਫ. ਡੀ. ਏ. ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਦੇ ਸਖਤ ਹੁਕਮਾਂ ਤਹਿਤ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਅਤੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਅੱਜ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਬਾਲਾ ਜੀ ਇੰਟਰਪਰਾਈਜ਼ ਫਰਮ, ਜੋ ਬੱਸ ਸਟੈਂਡ ਨੇੜੇ ਮੌਜੂਦ ਹੈ, ਵਿਖੇ ਅਚਾਨਕ ਦਸਤਕ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਫਰਮ ਦਾ ਮਾਲਕ ਵਿਨੇਸ਼ ਤਿਆਗੀ ਪੁੱਤਰ ਨੰਦੂ ਰਾਮ ਸਿੰਘ ਵਾਸੀ ਗੋਇੰਦਵਾਲ ਸਾਹਿਬ ਫਿਲਟਰ ਪਾਣੀ ਨੂੰ ਬੋਤਲਾਂ ਅਤੇ ਗਿਲਾਸਾਂ ਵਿਚ ਪੈਕ ਕਰਨ ਦਾ ਕਾਰੋਬਾਰ ਕਰ ਰਿਹਾ ਸੀ, ਜਿਸ ਪਾਸ ਨਾ ਤਾਂ ਕੋਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਵੱਲੋਂ ਲਾਇਸੈਂਸ ਸੀ ਅਤੇ ਨਾ ਹੀ ਪਾਣੀ ਪੈਕ ਕਰਨ ਲਈ ਬੀ. ਆਈ. ਐੱਸ (ਬਿਉਰੋ ਆਫ ਇੰਡੀਆ ਸਟੈਂਡਰਡ) ਵੱਲੋਂ ਰਜਿਸਟਰਡ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਲਾਇਸੈਂਸਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਪਾਣੀ ਪੈਕ ਕਰਨ ਦਾ ਕਾਰੋਬਾਰ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਇਸ ਮਿੰਨੀ ਫੈਕਟਰੀ ਵਿਚ ਮੌਜੂਦ 204 ਪਾਣੀ ਦੀਆਂ ਇਕ ਲੀਟਰ ਵਾਲੀਆਂ ਬੋਤਲਾਂ ਅਤੇ 7200 ਪਾਣੀ ਵਾਲੇ ਪੈਕ ਗਿਲਾਸਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਪੰਨੂ ਨੇ ਦੱਸਿਆ ਕਿ ਇਸ ਦੌਰਾਨ ਪਾਣੀ ਪੈਕ ਕਰਨ ਵਾਲੀ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖਡੂਰ ਸਾਹਿਬ ਰੋਡ ਤੋਂ ਤਿੰਨ ਦੁੱਧ ਦੇ ਸੈਂਪਲ ਵੀ ਭਰੇ ਗਏ।