ਧੁੰਦ ’ਚ ਮੌਤ ਨੂੰ ਸੱਦਾ ਦਿੰਦੇ ਬਿਨਾਂ ਰਿਫਲੈਕਟਰਾਂ ਤੇ ਲਾਈਟਾਂ ਦੇ ਦੌੜ ਰਹੇ ਵਾਹਨ, ਕਾਨੂੰਨ ਤੇ ਜਾਨ ਦੋਵੇਂ ਖਤਰੇ ’ਚ

Tuesday, Jan 20, 2026 - 11:26 AM (IST)

ਧੁੰਦ ’ਚ ਮੌਤ ਨੂੰ ਸੱਦਾ ਦਿੰਦੇ ਬਿਨਾਂ ਰਿਫਲੈਕਟਰਾਂ ਤੇ ਲਾਈਟਾਂ ਦੇ ਦੌੜ ਰਹੇ ਵਾਹਨ, ਕਾਨੂੰਨ ਤੇ ਜਾਨ ਦੋਵੇਂ ਖਤਰੇ ’ਚ

ਗੁਰਦਾਸਪੁਰ (ਹਰਮਨ)- ਸਰਦੀਆਂ ਦੇ ਮੌਸਮ ਦੌਰਾਨ ਪੈ ਰਹੀ ਸੰਘਣੀ ਧੁੰਦ ਦੇ ਦਿਨਾਂ ’ਚ ਰਿਫ਼ਲੈਕਟਰਾਂ ਅਤੇ ਲਾਈਟਾਂ ਦੇ ਬਗੈਰ ਹੀ ਸੜਕਾਂ ’ਤੇ ਚੱਲਣ ਵਾਲੇ ਵਾਹਨ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ, ਜਿਸ ਕਾਰਨ ਲੋਕਾਂ ਦੀ ਜਾਨ ਅਤੇ ਕਾਨੂੰਨ ਦੋਵੇਂ ਖਤਰੇ ਵਿੱਚ ਪਏ ਹੋਏ ਹਨ। ਵੈਸੇ ਤਾਂ ਅਜਿਹੇ ਵਾਹਨ ਪੂਰਾ ਸਾਲ ਹੀ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਖਾਸ ਤੌਰ ’ਤੇ ਰਾਤ ਸਮੇਂ ਅਜਿਹੇ ਵਾਹਨ ਹਾਦਸਿਆਂ ਦਾ ਕਾਰਨ ਬਣਦੇ ਹਨ ਪਰ ਧੁੰਦ ਦੇ ਦਿਨਾਂ ’ਚ ਅਜਿਹੇ ਵਾਹਨਾਂ ਕਾਰਨ ਹਾਦਸੇ ਵਾਪਰਨ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਧੁੰਦ ਕਾਰਨ ਜਿੱਥੇ ਸਵੇਰੇ ਅਤੇ ਸ਼ਾਮ ਦੇ ਸਮੇਂ ਵਿਜ਼ੀਬਿਲਟੀ ਬਹੁਤ ਘੱਟ ਰਹਿ ਜਾਂਦੀ ਹੈ, ਜਿਸ ਕਾਰਨ ਅਜਿਹੇ ਵਾਹਨ ਆਸਾਨੀ ਨਾਲ ਨਜ਼ਰ ਨਹੀਂ ਆਉਂਦੇ ਅਤੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ-ਤਰਨਤਾਰਨ 'ਚ ਮਜ਼ਦੂਰਾਂ 'ਤੇ ਡਿੱਗਿਆ ਲੈਂਟਰ, ਪੈ ਗਿਆ ਚੀਕ-ਚਿਹਾੜਾ

ਦੱਸਣਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ’ਚੋਂ ਗੁਜਰਦੇ ਨੈਸ਼ਨਲ ਹਾਈਵੇ ਅਤੇ ਹੋਰ ਕਈ ਲਿੰਕ ਸੜਕਾਂ ’ਤੇ ਬਹੁਤ ਸਾਰੇ ਅਜਿਹੇ ਵਾਹਨ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਪਿੱਛੇ ਨਾ ਤਾਂ ਕੋਈ ਰਿਫਲੈਕਟਰ ਲੱਗਾ ਹੁੰਦਾ ਹੈ ਅਤੇ ਨਾ ਹੀ ਕੋਈ ਲਾਲ ਲਾਈਟ ਹੁੰਦੀ ਹੈ। ਰੋਜ਼ਾਨਾ ਮਿੱਟੀ, ਰੇਤ, ਬਜਰੀ ਆਦਿ ਢਾਹੁਣ ਵਾਲੇ ਟਰੈਕਟਰ-ਟਰਾਲੀਆਂ ਅਤੇ ਟਿੱਪਰਾਂ ਅਜਿਹੀਆਂ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਦੇ ਪਿੱਛੇ ਕੋਈ ਵੀ ਲਾਈਟ ਜਾਂ ਰਿਫਲੈਕਟਰ ਨਜ਼ਰ ਨਹੀਂ ਆਉਂਦਾ। ਅਜਿਹੇ ਵਾਹਨਾਂ ਨੂੰ ਚਲਾਉਣਾ ਧੁੰਦ ਵਾਲੇ ਦਿਨਾਂ ’ਚ ਆਮ ਲੋਕਾਂ ਦੀ ਜਾਨ ਨਾਲ ਸ਼ਰੇਆਮ ਖਿਲਵਾੜ ਕਰਨ ਦੇ ਬਰਾਬਰ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 22 ਤੇ 23 ਤਰੀਖ਼ ਨੂੰ ਝੱਖੜ-ਤੂਫ਼ਾਨ ਤੇ ਮੀਂਹ ਦੀ ਚਿਤਾਵਨੀ, ਵਿਭਾਗ ਦੀ ਵੱਡੀ ਜਾਣਕਾਰੀ

ਇਸੇ ਤਰ੍ਹਾਂ ਗੰਨੇ ਨਾਲ ਭਰੀਆਂ ਟਰਾਲੀਆਂ ਅਤੇ ਹੋਰ ਭਾਰ ਲੱਦੇ ਵਾਹਨ ਵੀ ਧੁੰਦ ਦੇ ਦਿਨਾਂ ’ਚ ਹਾਦਸਿਆਂ ਦਾ ਮੁੱਖ ਕਾਰਨ ਬਣ ਰਹੇ ਹਨ। ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਸਮੇਤ ਹੋਰ ਮੁੱਖ ਅਤੇ ਲਿੰਕ ਸੜਕਾਂ ’ਤੇ ਅਕਸਰ ਹੀ ਅਜਿਹੇ ਅਨੇਕਾਂ ਵਾਹਨ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੇ ਪਿਛਲੇ ਪਾਸੇ ਨਾ ਕੋਈ ਰਿਫਲੈਕਟਰ ਹੁੰਦਾ ਹੈ ਅਤੇ ਨਾ ਹੀ ਕੋਈ ਚਿਤਾਵਨੀ ਲਾਈਟ। ਧੁੰਦ ਦੇ ਦਿਨਾਂ ’ਚ ਇਹ ਵਾਹਨ ਪਹਿਲਾਂ ਹੀ ਕਈ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ ਪਰ ਇਸ ਦੇ ਬਾਵਜੂਦ ਰੋਜ਼ਾਨਾ ਆਉਂਦੇ ਜਾਂਦੇ ਹੋਰ ਬਹੁਤ ਸਾਰੇ ਵਾਹਨਾਂ ਦੇ ਪਿੱਛੇ ਨੰਬਰ ਪਲੇਟਾਂ ਵੀ ਗਾਇਬ ਹੀ ਹੁੰਦੀਆਂ ਹਨ। ਇਸ ਤੋਂ ਇਲਾਵਾ ਜੁਗਾੜੂ ਵਾਹਨ, ਰੇਹੜੀਆਂ ਅਤੇ ਹੋਰ ਅਸੁਰੱਖਿਅਤ ਸਾਧਨ ਵੀ ਬਿਨਾਂ ਕਿਸੇ ਰਿਫਲੈਕਟਰ ਦੇ ਸੜਕਾਂ ’ਤੇ ਘੁੰਮਦੇ ਰਹਿੰਦੇ ਹਨ, ਜੋ ਖਾਸ ਕਰ ਕੇ ਰਾਤ ਅਤੇ ਧੁੰਦ ਦੇ ਸਮੇਂ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਹੋਰ ਵੀ ਵਧਾ ਦਿੰਦੇ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਕੱਲ੍ਹ ਸਰਕਾਰੀ ਛੁੱਟੀ ਦਾ ਐਲਾਨ

ਬੇਸ਼ੱਕ ਟ੍ਰੈਫਿਕ ਪੁਲਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸੈਮੀਨਾਰ ਅਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪਰ ਇਸਦੇ ਬਾਵਜੂਦ ਅਜੇ ਵੀ ਵੱਡੀ ਗਿਣਤੀ ’ਚ ਲੋਕ ਵੱਡੀ ਲਾਪਰਵਾਹੀ ਵਰਤ ਰਹੇ ਹਨ, ਜੋ ਰਿਫਲੈਕਟਰਾਂ ਅਤੇ ਲਾਈਟਾਂ ਤੋਂ ਸੱਖਣੇ ਵਾਹਨਾਂ ਨੂੰ ਸੜਕਾਂ ’ਤੇ ਲਿਜਾ ਕੇ ਆਪਣੀ ਅਤੇ ਦੂਜਿਆਂ ਦੀ ਜਾਨ ਨਾਲ ਖੇਡ ਰਹੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਰੇਤ ਅਤੇ ਬੱਜਰੀ ਨਾਲ ਭਰੇ ਟਿੱਪਰਾਂ ਅਤੇ ਟਰਾਲੀਆਂ ਨੂੰ ਤਰਪਾਲ ਨਾਲ ਢੱਕਿਆ ਨਹੀਂ ਜਾਂਦਾ, ਜਿਸ ਕਾਰਨ ਉੱਡਦੀ ਰੇਤ ਦੋ-ਪਹੀਆ ਵਾਹਨ ਚਾਲਕਾਂ ਅਤੇ ਹੋਰ ਯਾਤਰੀਆਂ ਦੀਆਂ ਅੱਖਾਂ ’ਚ ਪੈਂਦੀ ਹੈ ਅਤੇ ਨੈਸ਼ਨਲ ਹਾਈਵੇ ਸਮੇਤ ਹੋਰ ਸੜਕਾਂ ’ਤੇ ਚੱਲਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਛਿੜੀ 'ਜਾਤੀਵਾਦ ਜੰਗ', ਚੰਨੀ ਦੇ ਸਵਾਲਾਂ 'ਤੇ ਰਾਜਾ ਵੜਿੰਗ ਨੇ ਦਿੱਤਾ ਜਵਾਬ

ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਧੁੰਦ ਵਾਲੇ ਦਿਨਾਂ ’ਚ ਹਾਦਸਿਆਂ ਨੂੰ ਰੋਕਣ ਲਈ ਰਿਫਲੈਕਟਰਾਂ ਅਤੇ ਲਾਈਟਾਂ ਦੇ ਬਿਨਾਂ ਦੌੜ ਰਹੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਨਾਲ ਹੀ ਵਾਹਨ ਚਾਲਕਾਂ ਨੂੰ ਵੀ ਆਪਣੀ ਅਤੇ ਹੋਰਾਂ ਦੀ ਜਾਨ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨਹੀਂ ਤਾਂ ਧੁੰਦ ਦੇ ਦਿਨਾਂ ’ਚ ਇਹ ਲਾਪਰਵਾਹੀ ਹਰ ਰੋਜ਼ ਕਿਸੇ ਨਾ ਕਿਸੇ ਪਰਿਵਾਰ ਲਈ ਦਰਦ ਬਣਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News