ਪਿੰਡਾਂ ''ਚ ਦੇਸੀ ਸ਼ਰਾਬ ਦੀ ਧੜੱਲੇ ਨਾਲ ਹੋ ਰਹੀ ਹੈ ਵਿਕਰੀ

10/11/2019 5:01:42 PM

ਵਲਟੋਹਾ (ਬਲਜੀਤ ਸਿੰਘ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਕਸਮ ਖਾ ਕੇ ਪੰਜਾਬ 'ਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਪਰ ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਨਸ਼ਿਆਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਜਿਸ ਦੀ ਮਿਸਾਲ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲੇ 'ਚ ਦੇਖਣ ਨੂੰ ਮਿਲੀ, ਜਿੱਥੇ ਸ਼ਰੇਆਮ ਹੈਰੋਇਨ, ਸਮੈਕ ਤੇ ਅਫੀਮ ਤੋਂ ਇਲਾਵਾ ਗੈਰ-ਵਿਗਿਆਨਕ ਤਰੀਕੇ ਨਾਲ ਅਲਕੋਹਲ ਤੋਂ ਤਿਆਰ ਕੀਤੀ ਜਾਂਦੀ ਦੇਸੀ ਸ਼ਰਾਬ ਦੀ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਇਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਪੁਲਸ ਦੀ ਮਿਲੀਭੁਗਤ ਨਾਲ ਸ਼ਰਾਬ ਵੇਚਣ ਵਾਲੇ ਵਿਅਕਤੀ ਬਿਨਾਂ ਕਿਸੇ ਖੌਫ ਦੇ ਇਹ ਕਾਰੋਬਾਰ ਕਰ ਰਹੇ ਹਨ। ਦੇਸੀ ਸ਼ਰਾਬ ਦੇ ਵੱਡੇ ਪੱਧਰ 'ਤੇ ਹੋ ਰਹੇ ਨਾਜਾਇਜ਼ ਧੰਦੇ 'ਤੇ ਸਖਤ ਇਤਰਾਜ਼ ਕਰਦਿਆਂ ਮਾਨਤਾ ਪ੍ਰਾਪਤ ਠੇਕੇਦਾਰਾਂ ਨੇ ਕਿਹਾ ਕਿ ਪੁਲਸ ਵਿਭਾਗ ਵਲੋਂ ਸ਼ਰਾਬ ਦੇ ਨਾਜਾਇਜ਼ ਧੰਦੇ ਨੂੰ ਰੋਕਣ ਲਈ ਸਖਤੀ ਨਾ ਕਰਨ ਕਰ ਕੇ ਸਾਨੂੰ ਵੱਡਾ ਨੁਕਸਾਨ ਹੋ ਰਿਹਾ ਹੈ।

ਦੇਸੀ ਰੂੜੀ ਮਾਰਕਾ ਸ਼ਰਾਬ ਵੀ ਵਿਕ ਰਹੀ ਹੈ ਆਮ ਇਹ ਵੀ ਪਤਾ ਲੱਗਾ ਹੈ ਕਿ ਅਲਕੋਹਲ ਤੋਂ ਇਲਾਵਾ ਗੁੜ ਦੀ ਬਣਾਈ ਦੇਸੀ ਰੂੜੀ ਮਾਰਕਾ ਨਾਜਾਇਜ਼ ਸ਼ਰਾਬ ਵੀ ਆਮ ਵਿਕ ਰਹੀ ਹੈ। ਕੁਝ ਮਾਹਿਰਾਂ ਨਾਲ ਅਲਕੋਹਲ ਤੋਂ ਤਿਆਰ ਹੋਣ ਵਾਲੀ ਸ਼ਰਾਬ ਸਬੰਧੀ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ 50 ਰੁਪਏ 'ਚ ਅਲਕੋਹਲ ਦੀ ਇਕ ਬੋਤਲ ਖਰੀਦਦੇ ਹਨ ਅਤੇ ਫਿਰ ਉਸ ਤੋਂ ਪਾਣੀ ਮਿਲਾ ਕੇ 5 ਬੋਤਲਾਂ ਸ਼ਰਾਬ ਤਿਆਰ ਕਰ ਕੇ ਇਕ ਬੋਤਲ 100 ਦੀ ਗਾਹਕ ਨੂੰ ਵੇਚ ਦਿੰਦੇ ਹਨ। ਸਸਤੀ ਮਿਲਣ ਕਰ ਕੇ ਇਸ ਸ਼ਰਾਬ ਨੂੰ ਜ਼ਿਆਦਾਤਰ ਮਜ਼ਦੂਰ, ਰਿਕਸ਼ਾ ਚਾਲਕ ਆਦਿ ਪੀਂਦੇ ਹਨ ਪਰ ਜਾਣਕਾਰਾਂ ਅਨੁਸਾਰ ਗੈਰ-ਵਿਗਿਆਨਕ ਢੰਗ ਨਾਲ ਬਣਨ ਵਾਲੀ ਉਕਤ ਸ਼ਰਾਬ ਇਨਸਾਨ ਦੇ ਗੁਰਦਿਆਂ ਤੇ ਜਿਗਰ ਲਈ ਬੇਹੱਦ ਘਾਤਕ ਹੈ ਅਤੇ ਨਜ਼ਰ ਵੀ ਕਮਜ਼ੋਰ ਕਰਦੀ ਹੈ। ਇਸ ਸ਼ਰਾਬ ਦੇ ਪਿਆਕੜਾ ਨੂੰ ਕਾਲਾ ਪੀਲੀਆ ਹੋਣ ਦਾ ਵੀ ਖਦਸ਼ਾ ਹੁੰਦਾ ਹੈ। ਇਸ ਮੌਕੇ ਸਮਾਜ ਦੇ ਬੁੱਧੀਜੀਵੀ ਲੋਕਾਂ ਨੇ ਸਰਕਾਰ ਅਤੇ ਅਤੇ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਵਦੀਆ ਪਾਸੋਂ ਮੰਗ ਕੀਤੀ ਕਿ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 
 


Baljeet Kaur

Content Editor

Related News