ਅਣਪਛਾਤੇ ਚੋਰਾਂ ਬਣਾਇਆ ਗੈਸ ਏਜੰਸੀ ਨੂੰ ਨਿਸ਼ਾਨਾ, 5 ਸਿਲੰਡਰ, 5 ਚੁੱਲ੍ਹੇ ਸਣੇ 25000 ਦੀ ਨਕਦੀ ਚੋਰੀ
Saturday, Feb 24, 2024 - 05:35 PM (IST)
ਤਰਨਤਾਰਨ (ਰਮਨ)- ਗੈਸ ਏਜੰਸੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰਾਂ ਵਲੋਂ 5 ਭਰੇ ਹੋਏ ਸਿਲੰਡਰ, 5 ਚੁੱਲ੍ਹੇ, ਏ. ਸੀ. ਦੇ ਸਟੈਬਲਾਈਜ਼ਰ ,2 ਕੰਪਰੈਸ਼ਰ, 2 ਐੱਲ. ਸੀ. ਡੀ. ਸਕਰੀਨਾਂ, ਬੈਟਰ ਇਨਵਰਟਰ ਸੈਟ ਤੋਂ ਇਲਾਵਾ 25000 ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਜਗਰੂਪ ਕੌਰ ਪਤਨੀ ਸੰਦੀਪ ਸਿੰਘ ਵਾਸੀ ਵਰਿੰਦਾਵਨ ਕਾਲੋਨੀ ਤਰਨਤਰਨ ਨੇ ਥਾਣਾ ਸਦਰ ਤਰਨਤਰਨ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਸੰਦੀਪ ਇੰਡੇਨ ਗੈਸ ਏਜੰਸੀ ਦੀ ਮਾਲਕ ਹੈ, ਜੋ ਮਾਝਾ ਕਾਲਜ ਸਰਹਾਲੀ ਰੋਡ ਤਰਨਤਰਨ ਵਿਖੇ ਮੌਜੂਦ ਹੈ। ਬੀਤੀ 21 ਫਰਵਰੀ ਨੂੰ ਸਵੇਰੇ 9 ਵਜੇ ਜਦੋਂ ਉਹ ਏਜੰਸੀ ਅੰਦਰ ਪੁੱਜੀ ਤਾਂ ਵੇਖਿਆ ਕਿ ਗੈਸ ਏਜੰਸੀ ਦਾ ਸ਼ਟਰ ਟੁੱਟਾ ਹੋਇਆ ਸੀ, ਜਿਸ ਅੰਦਰ ਤੋੜ ਭੰਨ ਕਰਦੇ ਹੋਏ 5 ਭਰੇ ਹੋਏ ਸਿਲੰਡਰ, 5 ਚੁੱਲ੍ਹੇ, ਏ.ਸੀ ਦੇ ਸਟੈਬਲਾਈਜ਼ਰ ,2 ਕੰਪਰੈਸ਼ਰ ,2 ਐੱਲ. ਸੀ. ਡੀ. ਸਕਰੀਨਾਂ, ਬੈਟਰ ਇਨਵਰਟਰ ਸੈਟ ਤੋਂ ਇਲਾਵਾ 25000 ਦੀ ਨਕਦੀ ਚੋਰੀ ਹੋ ਚੁੱਕੀ ਸੀ। ਇਸ ਦੇ ਨਾਲ ਹੀ ਮੋਬਾਇਲ ਫੋਨ ਦੇ ਚਾਰਜ਼ਰ ਅਤੇ ਕੰਪਿਊਟਰ ਦੀਆਂ ਲੀਡਾਂ ਵੀ ਚੋਰੀ ਕਰ ਲਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।