ਕਾਰ ਥੜ੍ਹੇ ਨਾਲ ਟਕਰਾਉਣ ਦੀ ਮਾਮੂਲੀ ਵਿਵਾਦ ਦੌਰਾਨ 2 ਧਿਰਾਂ ’ਚ ਚੱਲੇ ਘਸੁੰਨ-ਮੁੱਕੇ, ਵੀਡੀਓ ਵਾਇਰਲ
Tuesday, Sep 30, 2025 - 04:11 PM (IST)

ਅੰਮ੍ਰਿਤਸਰ(ਜ.ਬ)- ਛੇਹਰਟਾ ਜ਼ਿਲ੍ਹੇ ਦੇ ਘਣਪੁਰ ਕਾਲੇ ਵਿਚ ਐਤਵਾਰ ਨੂੰ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਦੋ ਧਿਰਾਂ ਵਿਚ ਮਾਮੂਲੀ ਝਗੜੇ ਨੂੰ ਲੈ ਕੇ ਜ਼ਬਰਦਸਤ ਝੜਪ ਹੋ ਗਈ। ਇਸ ਲੜਾਈ ਨਾਲ ਦੋਵੇਂ ਧਿਰਾਂ ਵੱਲੋਂ ਜੰਮ ਕੇ ਡੰਡੇ ਚਲਾਏ ਗਏ ਅਤੇ ਇਕ ਦੂਜੇ ਨੂੰ ਘਸੁੰਨ ਮੁੱਕੀ ਵੀ ਕੀਤੀ ਗਈ। ਉਕਤ ਸਾਰਾ ਮਾਮਲਾ ਘਰ ਕੋਲ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ ਜਿਸ ਕਾਰਨ ਉਕਤ ਵੀਡੀਓ ਵੇਖਦੇ ਹੀ ਵੇਖਦੇ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਗਈ ਹੈ।
ਇਕ ਧਿਰ ਦਾ ਕਹਿਣਾ ਹੈ ਕਿ ਥਾਰ ਕਾਰ ਉਨ੍ਹਾਂ ਦੇ ਘਰ ਦੇ ਬਾਹਰ ਇਕ ਥੜ੍ਹੇ ਨਾਲ ਟਕਰਾਈ ਹੈ, ਜਦੋਂ ਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਕਾਰ ਮੋੜਦੇ ਸਮੇਂ ਬਾਹਰ ਇਕ ਥੜ੍ਹੇ ਨਾਲ ਮਾਮੂਲੀ ਜਿਹੀ ਟਕਰਾਈ ਸੀ, ਪਰ ਉਕਤ ਘਰ ਵਾਲਿਆਂ ਨੇ ਪਹਿਲਾਂ ਕਾਫੀ ਬਦਸਲੂਕੀ ਵੀ ਕੀਤੀ ਅਤੇ ਫਿਰ ਮਾਰਕੁੱਟ ਵੀ ਕੀਤੀ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਧਿਰਾਂ ਦੇ ਜ਼ਖਮੀਆਂ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।
ਪੁਲਸ ਅਧਿਕਾਰੀ ਐੱਸ. ਐੱਚ. ਓ. ਵਿਨੋਦ ਸ਼ਰਮਾ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਮਾਮਲੇ ਦੀ ਅਸਲ ਵਜ੍ਹਾ ਦਾ ਪਤਾ ਲਗਾਉਣ ਲਈ ਹੋਰ ਗੁਆਂਢੀਆਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਮਿਲੀ ਜਾਣਕਾਰੀ ਅਨੁਸਾਰ ਪੂਰੀ ਘਟਨਾ ਥਾਰ ਕਾਰ ਨੂੰ ਲੈ ਕੇ ਵਾਪਰੀ। ਸ਼ੁਰੂ ਵਿਚ ਝਗੜਾ ਹੋਇਆ ਅਤੇ ਫਿਰ ਲੜਾਈ ਇਸ ਹੱਦ ਤੱਕ ਵਧ ਗਈ ਕਿ ਦੋਵਾਂ ਧਿਰਾਂ ਨੇ ਡੰਡਿਆਂ ਅਤੇ ਜੰਮ ਕੇ ਖਸੁੰਨ ਮੁੱਕੀ ਕੀਤੀ। ਇਸ ਕਾਰਨ ਦੋਵੇਂ ਧਿਰਾਂ ਦੇ ਕੁਝ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ। ਦੋਵਾਂ ਧਿਰਾਂ ਨੇ ਪੁਲਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਅਤੇ ਇੱਕ ਦੂਜੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸਾਰੀ ਘਟਨਾ ਨੇੜੇ ਦੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ, ਜਿਸ ਵਿਚ ਲੋਕ ਇੱਕ ਦੂਜੇ ’ਤੇ ਡੰਡੇ ਮਾਰਦੇ ਦਿਖਾਈ ਦੇ ਰਹੇ ਹਨ।
ਇਕ ਪੱਖ ਦੇ ਕਾਲੇ ਘਣਪੁਰ ਦੇ ਵਸਨੀਕ ਜਸਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਸ ਦਾ ਪੁੱਤਰ ਪਰਮਜੀਤ ਸਿੰਘ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਜਦੋਂ ਇਕ ਗੁਆਂਢੀ ਦੇ ਭਤੀਜੇ ਨੇ ਉਸ ਦੀ ਥਾਰ ਕਾਰ ਨੂੰ ਘਰ ਦੇ ਬਾਹਰ ਬਣੇ ਥੜ੍ਹੇ ਨਾਲ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਸ ਦੇ ਬੇਟੇ ਪਰਮਜੀਤ ਦੀ ਕਾਰ ਚਲਾ ਰਹੇ ਵਿਅਕਤੀ ਨਾਲ ਝਗੜਾ ਹੋ ਗਿਆ। ਜਸਪਾਲ ਦਾ ਦੋਸ਼ ਹੈ ਕਿ ਕਾਰ ਚਲਾ ਰਹੇ ਨੌਜਵਾਨ ਨੇ ਪਰਮਜੀਤ ਨਾਲ ਦੁਰਵਿਵਹਾਰ ਕੀਤਾ। ਜਦੋਂ ਪਰਮਜੀਤ ਨੇ ਵਿਰੋਧ ਕੀਤਾ ਤਾਂ ਨੌਜਵਾਨ ਅਤੇ 8-10 ਹੋਰ ਬੰਦਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਪਰਮਜੀਤ ਸਿੰਘ ਦੇ ਸਿਰ, ਪਿੱਠ ਅਤੇ ਲੱਤਾਂ ਵਿਚ ਸੱਟਾਂ ਲੱਗੀਆਂ।
ਦੂਜੇ ਪਾਸੇ ਦੀ ਮਹਿਲਾ ਹਰਪ੍ਰੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਉਸ ਨੂੰ ਘਰ ਛੱਡਣ ਆਇਆ ਸੀ। ਜਦੋਂ ਉਹ ਆਪਣੀ ਕਾਰ ਨੂੰ ਜਾਣ ਲਈ ਗਲੀ ਵਿਚ ਮੋੜ ਰਿਹਾ ਸੀ, ਤਾਂ ਇਕ ਟਾਇਰ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਬਾਹਰ ਬਣੇ ਥੜ੍ਹੇ ਨਾਲ ਮਾਮੂਲੀ ਜਿਹੀ ਟਕਰਾ ਗਈ। ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਸਮੇਂ ਉਸ ਦੇ ਗੁਆਂਢੀ ਦਾ ਪੁੱਤਰ ਪਰਮਜੀਤ ਸਿੰਘ ਬਾਹਰ ਖੜ੍ਹਾ ਸੀ। ਉਹ ਉਸ ਨਾਲ ਲੜਨ ਲੱਗ ਪਿਆ। ਜਦੋਂ ਉਸ ਨੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਰਮਜੀਤ ਨੇ ਵੀ ਉਸ ਨਾਲ ਵੀ ਬਦਸਲੂਕੀ ਕੀਤੀ। ਜ਼ਖਮੀ ਹਰਪ੍ਰੀਤ ਕੌਰ ਨਹੀਂ ਦੱਸਿਆ ਕਿ ਮੈਂ ਆਪਣੇ ਭਤੀਜੇ ਨੂੰ ਘਰ ਦੇ ਅੰਦਰ ਲੈ ਗਈ। ਕੁਝ ਦੇਰ ਬਾਅਦ ਜਦੋਂ ਉਸ ਦਾ ਭਤੀਜਾ ਚਲਾ ਗਿਆ, ਤਾਂ ਇਨ੍ਹਾਂ ਲੋਕਾਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ। ਜਦੋਂ ਮੇਰੇ ਪਰਿਵਾਰਕ ਮੈਂਬਰਾਂ ਨੇ ਦਖਲ ਦਿੱਤਾ, ਤਾਂ ਲੜਾਈ ਵੱਧ ਗਈ। ਝਗੜੇ ਵਿਚ ਮੇਰੇ ਹੱਥ ਵਿਚ ਗੰਭੀਰ ਸੱਟ ਲੱਗੀ ਹੈ। ਡਾਕਟਰ ਨੇ ਕਿਹਾ ਕਿ ਇਹ ਫਰੈਕਚਰ ਹੈ।
ਇਸ ਸਬੰਧ ਵਿਚ ਛੇਹਰਟਾ ਥਾਣੇ ਦੇ ਐੱਸ. ਐੱਚ. ਓ. ਵਿਨੋਦ ਸ਼ਰਮਾ ਨੇ ਕਿਹਾ ਕਿ ਪੁਲਸ ਨੂੰ ਦੋਵਾਂ ਧਿਰਾਂ ਤੋਂ ਲਿਖਤੀ ਸ਼ਿਕਾਇਤਾਂ ਮਿਲੀਆਂ ਹਨ। ਜ਼ਖਮੀਆਂ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ। ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਨੇੜਲੇ ਨਿਵਾਸੀਆਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ।