ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਦੋ ਔਰਤਾਂ ਕੋਲੋਂ ਖੋਹਿਆ ਪਰਸ, ਕੀਤਾ ਜ਼ਖ਼ਮੀ
02/09/2023 3:46:16 PM

ਬਟਾਲਾ (ਸਾਹਿਲ): ਆਏ ਦਿਨ ਹੀ ਕਾਦੀਆਂ ਸ਼ਹਿਰ ਦੇ 'ਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੀ ਤਾਜ਼ਾ ਘਟਨਾ ਉਸ ਵੇਲੇ ਵਾਪਰੀ ਜਦੋਂ ਦੁਪਿਹਰ ਕਾਦੀਆਂ ਦੇ ਨਜ਼ਦੀਕੀ ਪਿੰਡ ਨੰਗਲ ਦੇ ਕੋਲ ਮੋਟਰਸਾਇਕਲ ’ਤੇ ਜਾ ਰਹੀਆਂ ਦੋ ਔਰਤਾਂ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਪਹਿਲਾਂ ਲੱਤ ਮਾਰ ਕੇ ਥੱਲੇ ਸੁਟਿਆ ਗਿਆ ਅਤੇ ਬਾਅਦ 'ਚ ਹੱਥੋ-ਪਾਈ ਦੌਰਾਨ ਦੋਵਾਂ ਔਰਤਾਂ ਨੂੰ ਜ਼ਖ਼ਮੀ ਕੀਤਾ ਗਿਆ ਅਤੇ ਲੁਟੇਰੇ ਪਰਸ ਖੋਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ 28 ਰਾਊਂਡ ਫ਼ਾਇਰ ਕਰਕੇ ਡਰੋਨ ਨੂੰ ਭੇਜਿਆ ਵਾਪਸ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਕੌਰ ਪਤਨੀ ਕਾਲਾ ਸਿੰਘ ਤੇ ਉਸ਼ਾ ਰਾਣੀ ਪਤਨੀ ਰਮੇਸ਼ ਸਿੰਘ ਵਾਸੀ ਪਿੰਡ ਮੋਕਲ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਸਿਕੰਦਰ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਤੋਂ ਕਾਦੀਆਂ ਸ਼ਹਿਰ ਬੈਂਕ 'ਚ ਆਏ ਹੋਏ ਸਨ ਅਤੇ ਇਸ ਤੋਂ ਬਾਅਦ ਉਹ ਦਵਾਈ ਲੈ ਕੇ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਨੰਗਲ ਦੇ ਕੋਲ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਲੱਤ ਮਾਰੀ ਗਈ, ਜਿਸ ਦੌਰਾਨ ਉਹ ਡਿੱਗ ਗਏ। ਲੁਟੇਰਿਆਂ ਨਾਲ ਕਾਫ਼ੀ ਦੇਰ ਤੱਕ ਹਥੋ-ਪਾਈ ਹੁੰਦੇ ਰਹੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਰਸ ਵਿਚ ਦੋ ਹਜ਼ਾਰ ਰੁਪਏ ਅਤੇ 2 ਮੋਬਾਈਲ ਫੋਨ ਸਨ, ਜਿਨ੍ਹਾਂ ਦੀ ਕੀਮਤ ਕਰੀਬ 18000 ਰੁਪਏ ਸੀ, ਜਿਸ ਤੋਂ ਬਾਅਦ ਜ਼ਖ਼ਮੀ ਹਾਲਤ 'ਚ ਉਹ ਨਜ਼ਦੀਕ ਡਾਕਟਰ ਕੋਲ ਪਹੁੰਚੀਆਂ ਅਤੇ ਆਪਣਾ ਇਲਾਜ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਦੂਜੇ ਪਾਸੇ ਕਾਦੀਆਂ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।