15 ਲੱਖ ਰੁਪਏ ਦੀ ਠੱਗੀ ਮਾਰਨ ਹੇਠ ਦੋ ਆੜ੍ਹਤੀ ਭਰਾ ਨਾਮਜ਼ਦ
Thursday, Jan 30, 2025 - 11:54 AM (IST)
ਤਰਨਤਾਰਨ (ਰਮਨ)-ਪੁਲਸ ਦੇ ਉੱਚ ਅਧਿਕਾਰੀ ਵੱਲੋਂ ਕੀਤੀ ਗਈ ਜਾਂਚ ਦੌਰਾਨ 15 ਲੱਖ 46 ਹਜ਼ਾਰ 100 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 2 ਆੜ੍ਹਤੀ ਭਰਾਵਾਂ ਨੂੰ ਥਾਣਾ ਹਰੀਕੇ ਦੀ ਪੁਲਸ ਨੇ ਨਾਮਜ਼ਦ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਰਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬੂਹ ਹਵੇਲੀਆਂ ਨੇ ਜ਼ਿਲ੍ਹੇ ਦੇ ਐੱਸ.ਐੱਸ.ਪੀ ਨੂੰ ਬੀਤੀ 30 ਅਗਸਤ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਜਿਨਸ ਰਾਜਵੀਰ ਸਿੰਘ ਅਤੇ ਅਮਰਦੀਪ ਸਿੰਘ ਪੁੱਤਰਾਨ ਪਰਮਿੰਦਰ ਸਿੰਘ ਵਾਸੀ ਬੂਹ ਹਥਾੜ ਜੋ ਹਰੀਕੇ ਵਿਖੇ ਆੜ੍ਹਤ ਦਾ ਕਾਰੋਬਾਰ ਕਰਦੇ ਹਨ, ਵਿਖੇ ਸੁੱਟਦਾ ਸੀ। ਜਿਸਦੇ ਚੱਲਦਿਆਂ ਉਨ੍ਹਾਂ ਨਾਲ ਚੰਗੇ ਸਬੰਧ ਬਣ ਗਏ। ਇਨ੍ਹਾਂ ਦੀ ਆੜ੍ਹਤ ਉਪਰ ਕੰਮ ਕਰਨ ਵਾਲੇ ਮੁਨੀਮ ਲਾਲੀ ਨੇ ਉਸਨੂੰ ਆਪਣੀਆਂ ਗੱਲਾਂ ਅਤੇ ਭਰੋਸੇ ਵਿਚ ਲੈ ਕੇ ਕਿਹਾ ਕਿ ਸਾਨੂੰ ਕੁਝ ਪੈਸਿਆਂ ਦੀ ਜ਼ਰੂਰਤ ਹੈ, ਜਿਸ ਨੇ ਉਸ ਪਾਸੋਂ ਵੱਖ-ਵੱਖ ਤਰੀਕਾਂ ਨੂੰ ਚੈਕਾਂ ਰਾਹੀਂ ਕੁੱਲ 24 ਲੱਖ 81,100 ਵਸੂਲ ਕੀਤੇ ਹਨ ਅਤੇ ਹੁਣ ਆੜ੍ਹਤ ਦਾ ਮਾਲਿਕ ਰਾਜਵੀਰ ਸਿੰਘ ਰਕਮ ਦੇਣ ਤੋਂ ਇਨਕਾਰੀ ਹੈ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਹਰੀਕੇ ਦੇ ਏ.ਐੱਸ.ਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਮਿਲੀ ਸ਼ਿਕਾਇਤ ਤੋਂ ਬਾਅਦ ਥਾਣਾ ਮੁਖੀ ਵੱਲੋਂ ਕੀਤੀ ਗਈ ਜਾਂਚ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਆੜ੍ਹਤੀ ਰਾਜਵੀਰ ਸਿੰਘ ਅਤੇ ਉਸਦੇ ਭਰਾ ਅਮਰਦੀਪ ਸਿੰਘ ਵੱਲੋਂ ਮੁਦਈ ਗੁਰਪਾਲ ਸਿੰਘ ਦੇ ਖਾਤਿਆਂ ਵਿਚੋਂ 1546,100 ਦੀ ਠੱਗੀ ਮਾਰਨੀ ਤਸਦੀਕ ਹੁੰਦੀ ਹੈ ਜਦਕਿ ਬਾਕੀ 9 ਲੱਖ 35 ਹਜ਼ਾਰ ਰੁਪਏ ਮੁਨੀਮ ਗੋਬਿੰਦ ਸਿੰਘ ਉਰਫ ਲਾਲੀ ਵੱਲੋਂ ਉਸਦੇ ਖਾਤਿਆਂ ਦੇ ਚੈਕਾਂ ਉਪਰ ਆਪਣੇ ਗ੍ਰਾਹਕਾਂ ਦੇ ਨਾਮ ਭਰ ਕੇ ਆਪਣੇ ਗ੍ਰਾਹਕਾਂ ਦੇ ਖਾਤਿਆਂ ਵਿਚ ਪਵਾਉਣ ਸਬੰਧੀ ਤਫਤੀਸ਼ ਦੌਰਾਨ ਤੱਥ ਸਾਹਮਣੇ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਰਾਜਵੀਰ ਸਿੰਘ ਅਤੇ ਅਮਰਦੀਪ ਸਿੰਘ ਪੁੱਤਰਾਨ ਪਰਮਿੰਦਰ ਸਿੰਘ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8