ਇੱਕ ਸਾਲ ''ਚ ਪੰਜਾਬ ਸਰਹੱਦ ''ਤੇ ਪਾਕਿ ਡਰੋਨ ਜ਼ਬਤ ਕਰਨ ''ਚ ਚਾਰ ਗੁਣਾ ਹੋਇਆ ਵਾਧਾ
Monday, Dec 11, 2023 - 06:12 PM (IST)

ਅੰਮ੍ਰਿਤਸਰ- ਸੀਮਾ ਸੁਰੱਖਿਆ ਬਲ ਨੇ ਡਰੋਨਾਂ ਦੀ ਲਗਾਤਾਰ ਹਲਚਲ ਨੂੰ ਲੈ ਕੇ ਅੰਕੜੇ ਸਾਂਝੇ ਕੀਤੇ ਹਨ। ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 553 ਕਿਲੋਮੀਟਰ ਲੰਮੀ ਪੰਜਾਬ ਸਰਹੱਦ ਦੇ ਨਾਲ ਭਾਰਤ 'ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੌਰਾਨ ਜ਼ਬਤ ਕੀਤੇ ਗਏ ਪਾਕਿਸਤਾਨੀ ਡਰੋਨਾਂ ਦੀ ਗਿਣਤੀ ਵਿੱਚ 2021 ਅਤੇ 2022 ਦਰਮਿਆਨ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਪਿਛਲੇ ਸਾਲ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 21 ਡਰੋਨ ਜ਼ਬਤ ਕੀਤੇ ਸਨ। ਇਸ ਸਾਲ 9 ਦਸੰਬਰ ਤੱਕ ਇਹ ਅੰਕੜਾ 91 ਤੱਕ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਦੇ ਅਰਸੇ ਦੌਰਾਨ, 2 ਅਕਤੂਬਰ ਤੋਂ 9 ਦਸੰਬਰ ਤੱਕ, ਇਕੱਲੇ ਬੀਐੱਸਐੱਫ ਅਤੇ ਪੰਜਾਬ ਪੁਲਸ ਦੁਆਰਾ 50 ਡਰੋਨਾਂ ਨੂੰ ਰੋਕਿਆ ਗਿਆ ਹੈ।
ਇਹ ਵੀ ਪੜ੍ਹੋ- ਫੇਸਬੁੱਕ 'ਤੇ ਪਾਕਿਸਤਾਨ ਦੀ ਕੁੜੀ ਨਾਲ ਹੋਇਆ ਪਿਆਰ, ਹੁਣ ਵਿਆਹ ਕਰਾਉਣ ਦੀ ਤਿਆਰੀ 'ਚ ਪੰਜਾਬੀ ਮੁੰਡਾ
ਅਕਤੂਬਰ ਤੋਂ ਹੁਣ ਤੱਕ ਬਰਾਮਦ ਕੀਤੇ ਗਏ ਕੁੱਲ 50 ਡਰੋਨਾਂ 'ਚੋਂ 42 ਤਰਨਤਾਰਨ, ਭਿੱਖੀਵਿੰਡ ਅਤੇ ਅੰਮ੍ਰਿਤਸਰ ਅਟਾਰੀ ਜ਼ਿਲ੍ਹਿਆਂ ਦੀਆਂ ਪੁਲਸ ਸਬ-ਡਵੀਜ਼ਨਾਂ ਤੋਂ ਮਿਲੇ ਦੋ ਖੇਤਰਾਂ ਤੋਂ ਸਨ। ਅਧਿਕਾਰੀਆਂ ਨੇ ਇਸ ਵਾਧੇ ਦਾ ਕਾਰਨ ਸਸਤੇ ਅਤੇ ਛੋਟੇ ਚੀਨੀ ਡਰੋਨਾਂ ਦੀ ਉਪਲਬਧਤਾ ਨੂੰ ਦੱਸਿਆ ਹੈ। ਪੰਜਾਬ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਜੋ ਕਿ ਸਰਹੱਦ ਪਾਰ ਤਸਕਰੀ ਵਿਰੋਧੀ ਕਾਰਵਾਈਆਂ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਪਹਿਲਾਂ ਪਾਕਿਸਤਾਨੀ ਸਮੱਗਲਰਾਂ ਦੁਆਰਾ ਲਗਭਗ 18 ਤੋਂ 20 ਲੱਖ ਰੁਪਏ ਪ੍ਰਤੀ ਕੀਮਤ ਵਾਲੇ ਵੱਡੇ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਵੱਡੇ ਡਰੋਨ 5 ਤੋਂ 15 ਕਿਲੋ ਭਾਰ ਚੁੱਕਣ ਦੇ ਸਮਰੱਥ ਹਨ।
ਅਧਿਕਾਰੀ ਨੇ ਕਿਹਾ ਹੁਣ ਅਜਿਹਾ ਲੱਗਦਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਵੱਡੇ ਨੁਕਸਾਨ ਤੋਂ ਬਚਣ ਲਈ ਆਪਣੀ ਰਣਨੀਤੀ ਬਦਲ ਲਈ ਹੈ ਅਤੇ ਛੋਟੇ ਚੀਨੀ ਡਰੋਨਾਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 1 ਲੱਖ ਰੁਪਏ ਹੈ। ਇਹ ਛੋਟੇ ਅਤੇ ਸਸਤੇ ਡਰੋਨ ਸਿਰਫ਼ 400 ਤੋਂ 500 ਗ੍ਰਾਮ ਭਾਰ ਹੀ ਲਿਜਾ ਸਕਦੇ ਹਨ। ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਭੇਜਣ ਲਈ ਪਾਕਿਸਤਾਨੀ ਤਸਕਰ ਹੋਰ ਡਰੋਨ ਭੇਜ ਰਹੇ ਹਨ।
ਇਹ ਵੀ ਪੜ੍ਹੋ- ਫਤਿਹਗੜ੍ਹ ਚੂੜੀਆਂ 'ਚ ਦੋ ਧਿਰਾਂ ਵਿਚਾਲੇ ਖੂਨੀ ਤਕਰਾਰ, ਚੱਲੇ ਤੇਜ਼ਧਾਰ ਹਥਿਆਰ, ਘਟਨਾ cctv 'ਚ ਕੈਦ
ਬੀਐੱਸਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਸੀਂ ਸਰਹੱਦ 'ਤੇ ਇੱਕ ਐਂਟੀ-ਡਰੋਨ ਤਕਨਾਲੋਜੀ ਸਥਾਪਤ ਕੀਤੀ ਹੈ, ਜੋ ਡਰੋਨ ਦੇ ਭਾਰਤੀ ਹਵਾਈ ਖੇਤਰ ਵਿੱਚ ਦਾਖ਼ਲ ਹੁੰਦੇ ਹੀ ਉਨ੍ਹਾਂ ਨੂੰ ਰੋਕਣ ਵਿੱਚ ਸਾਡੀ ਮਦਦ ਕਰ ਰਹੀ ਹੈ। ਭਿੱਖੀਵਿੰਡ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀਐੱਸਪੀ) ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਅਸੀਂ ਸਰਹੱਦ 'ਤੇ 100 ਤੋਂ ਵੱਧ ਜਵਾਨ ਤਾਇਨਾਤ ਕੀਤੇ ਹਨ ਅਤੇ ਉਨ੍ਹਾਂ ਨੂੰ ਛੇ ਵਿਸ਼ੇਸ਼ ਗਸ਼ਤ ਕਾਰਾਂ ਅਤੇ 12 ਮੋਟਰਸਾਈਕਲ ਮੁਹੱਈਆ ਕਰਵਾਏ ਹਨ। ਡਰੋਨ ਬਰਾਮਦ ਕਰਨ ਤੋਂ ਇਲਾਵਾ ਅਸੀਂ ਕਈ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਕੰਦੋਵਾਲੀ ’ਚ ਅਨੋਖੀ ਚੋਰੀ: ਮਾਮੇ ਨੇ ਭਣੇਵਿਆਂ ’ਤੇ ਮਾਂ ਦੇ ਫੁੱਲ ਚੋਰੀ ਕਰਨ ਦੇ ਲਾਏ ਇਲਜ਼ਾਮ
ਉਨ੍ਹਾਂ ਕਿਹਾ ਅਸੀਂ ਲਗਭਗ ਛੇ ਵਿਅਕਤੀਆਂ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਹੈ, ਜਿਨ੍ਹਾਂ ਨੇ ਸਾਨੂੰ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਲਈ ਜਾਣਕਾਰੀ ਪ੍ਰਦਾਨ ਕੀਤੀ। ਉਸਨੇ ਕਿਹਾ ਸਾਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।ਉਨ੍ਹਾਂ ਕਿਹਾ ਅਸੀਂ ਸਾਰੇ ਸੰਵੇਦਨਸ਼ੀਲ ਸਥਾਨਾਂ 'ਤੇ BSF ਦੇ ਨਾਲ ਸਾਂਝੀਆਂ 24x7 ਚੈਕ-ਪੋਸਟਾਂ ਸਥਾਪਤ ਕੀਤੀਆਂ ਹਨ। ਇਨ੍ਹਾਂ ਚੌਕੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸਾਡੇ ਜਵਾਨਾਂ ਨੂੰ ਬੁਲੇਟ ਪਰੂਫ ਵਾਹਨ, ਜੈਕਟਾਂ ਅਤੇ ਪੈਟਰੋਲਿੰਗ ਵਾਹਨ ਵੀ ਮੁਹੱਈਆ ਕਰਵਾਏ ਗਏ ਹਨ। ਇਹ ਚੌਕੀਆਂ ਡਰੋਨਾਂ ਦੀ ਗੂੰਜਦੀ ਆਵਾਜ਼ ਸੁਣ ਕੇ ਤੇਜ਼ੀ ਨਾਲ ਕੰਮ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8