ਸ਼ਹਿਰ ਦੇ 12 ਦਰਵਾਜ਼ਿਅਾਂ ਨੂੰ ਜੋੜਨ ਵਾਲੀ ਦੀਵਾਰ ਅਾਖਰੀ ਸਾਹਾਂ ’ਤੇ
Saturday, Nov 24, 2018 - 05:33 AM (IST)

ਅੰਮ੍ਰਿਤਸਰ, (ਵਡ਼ੈਚ)- ਮਹਾਰਾਜਾ ਰਣਜੀਤ ਸਿੰਘ ਦੇ ਰਾਜ ’ਚ ਅੰਦਰੂਨੀ ਸ਼ਹਿਰ ਦੇ 12 ਦਰਵਾਜ਼ੇ ਤੇ ਉਨ੍ਹਾਂ ਨੂੰ ਜੋਡ਼ਨ ਵਾਲੀ ਵਾਲ ਸਿਟੀ ਦੀ ਲਾਲ ਦੀਵਾਰ ਦੀ ਸੰਭਾਲ ਨਾ ਕੀਤੀ ਗਈ ਤਾਂ ਹੋ ਸਕਦਾ ਹੈ ਕਿ ਗੁਰੂ ਨਗਰੀ ਦਾ ਪੁਰਾਤਨ ਇਤਿਹਾਸ ਆਉਣ ਵਾਲੀਅਾਂ ਪੀਡ਼੍ਹੀਆਂ ਲਈ ਇਕ ਸੁਪਨਾ ਹੀ ਬਣ ਕੇ ਰਹਿ ਜਾਵੇ। ਸਰਕਾਰ ਤੇ ਨਿਗਮ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਤਿਹਾਸਕ ਗੇਟ ਖਸਤਾਹਾਲ ਹੋਣ ਕਰ ਕੇ ਢਹਿ-ਢੇਰੀ ਹੋ ਰਹੇ ਹਨ। ਉਥੇ ਅਧਿਕਾਰੀਆਂ ਦੀ ਮਿਲੀÎਭੁਗਤ ਅਤੇ ਰਾਜਨੀਤਕ ਸ਼ਹਿ ਕਾਰਨ ਅੰਦਰੂਨੀ ਸ਼ਹਿਰ ਦੀ ਸੁਰੱਖਿਆ ਲਈ ਬਣਾਈ ਦੀਵਾਰ ਅਲੋਪ ਹੁੰਦੀ ਜਾ ਰਹੀ ਹੈ।
ਇਤਿਹਾਸਕ ਦੀਵਾਰ ਦਾ ਕਾਫੀ ਹਿੱਸਾ ਪਹਿਲਾਂ ਹੀ ਗਾਇਬ ਹੋ ਚੁੱਕਾ ਹੈ। ਜੋ ਦੀਵਾਰ ਬਾਕੀ ਹੈ ਉਸ ਦੀ ਸੰਭਾਲ ਰੱਖਣ ਦੀ ਜਗ੍ਹਾ ਦੀਵਾਰ ’ਤੇ ਕਬਜ਼ੇ ਕਰਵਾਉਂਦਿਆਂ ਇਤਿਹਾਸ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ। ਦੀਵਾਰ ਨੂੰ ਤੋਡ਼ਨ, ਕਬਜ਼ਾ ਕਰਨ ਨੂੰ ਲੈ ਕੇ ਜਿਨ੍ਹਾਂ ਇਮਾਰਤਾਂ ਦੀ ਸ਼ਿਕਾਇਤ ਹੁੰਦੀ ਹੈ ਜਾਂ ਅਾਵਾਜ਼ ਬੁਲੰਦ ਹੁੰਦੀ ਹੈ, ਉਸ ਇਮਾਰਤ ਖਿਲਾਫ ਕਾਰਵਾਈ ਕਰਦਿਆਂ ਦੁਕਾਨਾਂ, ਮਕਾਨਾਂ ਅੱਗੇ ਦੀਵਾਰ ਕਰ ਦਿੱਤੀ ਜਾਂਦੀ ਹੈ ਪਰ ਕਾਰਵਾਈ ਦੌਰਾਨ ਉਨ੍ਹਾਂ ਕਈ ਇਮਾਰਤਾਂ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਮਾਲਕਾਂ ਜਾਂ ਕਬਜ਼ਾਧਾਰਕਾਂ ਵੱਲੋਂ ਦੀਵਾਰ ਨੂੰ ਤੋਡ਼ ਕੇ ਦੁਕਾਨਾਂ ਜਾਂ ਰਸਤੇ ਪਹਿਲਾਂ ਹੀ ਕੱਢੇ ਜਾ ਚੁੱਕੇ ਹਨ। ਇਤਿਹਾਸ ਨੂੰ ਮਿਟਾਉਣ ਵਾਲੇ ਹਰ ਉਸ ਵਿਅਕਤੀ ’ਤੇ ਕਾਰਵਾਈ ਬਣਦੀ ਹੈ ਜਿਸ ਨੇ ਦੀਵਾਰ ਨਾਲ ਛੇਡ਼ਛਾਡ਼ ਕੀਤੀ ਹੈ।
ਇਤਿਹਾਸਕ ਗੇਟਾਂ ਤੇ ਦੀਵਾਰਾਂ ਦੀ ਸੰਭਾਲ ਨਾ ਹੋਣਾ ਚਿੰਤਾ ਦਾ ਵਿਸ਼ਾ : ਹਰਿੰਦਰ ਸਿੰਘ
ਸ਼ਹਿਰ ਦੀ ਸੰਭਾਲ ਲਈ ਵਿਸ਼ੇਸ਼ ਭੂਮਿਕਾ ਅਦਾ ਕਰ ਰਹੇ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤ ਸਰੋਵਰ ਦੇ ਨਾਂ ਨਾਲ ਸ਼ਹਿਰ ਦੇ ਰੱਖੇ ਨਾਂ ਅੰਮ੍ਰਿਤਸਰ ਦੇ ਇਤਿਹਾਸਕ ਗੇਟਾਂ ਤੇ ਦੀਵਾਰਾਂ ਦੀ ਸੰਭਾਲ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਦੀਵਾਰ ਨੂੰ ਸਦੀਅਾਂ ਤੱਕ ਜ਼ਿੰਦਾ ਰੱਖਣਾ ਜ਼ਰੂਰੀ ਹੈ ਤਾਂ ਕਿ ਆਉਣ ਵਾਲੀਆਂ ਪੀਡ਼੍ਹੀਆਂ ਪੁਰਾਤਨ ਇਤਿਹਾਸ ਤੋਂ ਜਾਗਰੂਕ ਰਹਿ ਸਕਣ। ਨਿੱਜੀ ਸਵਾਰਥਾਂ ਕਰ ਕੇ ਦੀਵਾਰ ਨੂੰ ਜਗ੍ਹਾ-ਜਗ੍ਹਾ ਤੋਂ ਤੋਡ਼ਿਆ ਜਾ ਚੁੱਕਾ ਹੈ, ਜੋ ਦੀਵਾਰ ਬਾਕੀ ਹੈ, ਉਸ ਨੂੰ ਸੰਭਾਲਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਅੰਦਰੂਨੀ ਸ਼ਹਿਰ ਦੇ 12 ਦਰਵਾਜ਼ਿਆਂ ਨਾਲ ਚਾਰੇ ਪਾਸੇ ਸੁੰਦਰ ਦੀਵਾਰ ਸੀ। 12 ਗੇਟਾਂ ਦੇ ਪੁਲਾਂ ਨੂੰ ਛੱਡ ਕੇ ਦੀਵਾਰ ਦੇ ਬਾਹਰਵਾਰ ਡੂੰਘਾ ਚੌਡ਼ਾ ਟੋਆ ਪੁੱਟ ਕੇ ਸ਼ਹਿਰ ਦੀ ਸੁਰੱਖਿਆ ਲਈ ਪਾਣੀ ਛੱਡਿਆ ਜਾਂਦਾ ਸੀ। ਹੌਲੀ-ਹੌਲੀ ਗਾਇਬ ਹੋ ਰਹੇ ਇਤਿਹਾਸ ਨੂੰ ਨਾ ਬਚਾਇਆ ਗਿਆ ਤਾਂ ਸਬੰਧਤ ਲੋਕਾਂ ਨੂੰ ਹਾਈ ਕੋਰਟ ਦਾ ਰਸਤਾ ਦਿਖਾਇਆ ਜਾਵੇਗਾ।
ਇਤਿਹਾਸ ਨਾਲ ਹੀ ਸ਼ਹਿਰ ਹੋਵੇਗਾ ਸਮਾਰਟ
ਮਹਾਨਗਰ ਨੂੰ ਸਮਾਰਟ ਸਿਟੀ ਦਾ ਦਰਜਾ ਤਾਂ ਦਿੱਤਾ ਗਿਆ ਹੈ ਪਰ ਇਤਿਹਾਸ ਦੇ ਜ਼ਿੰਦਾ ਰਹਿਣ ਨਾਲ ਹੀ ਸ਼ਹਿਰ ਸਮਾਰਟ ਰਹੇਗਾ। ਅੰਦਰੂਨੀ ਸ਼ਹਿਰ ਦੇ 12 ਗੇਟਾਂ ਦੇ ਆਲੇ-ਦੁਆਲੇ ਨਿਕਲਦੀ ਸਰਕੂਲਰ ਰੋਡ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ 100 ਕਰੋਡ਼ ਖਰਚ ਕਰ ਕੇ ਤੇ ਸਾਈਕਲ ਟ੍ਰੈਕ ’ਤੇ 18 ਕਰੋਡ਼ ਖਰਚ ਕਰ ਕੇ ਖੂਬਸੂਰਤ ਬਣਾਉਣ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਨਵਾਂ ਰੂਪ ਦੇਣ ਦੇ ਨਾਲ-ਨਾਲ ਪੁਰਾਣੀ ਦੀਵਾਰ ਤੇ ਗੇਟਾਂ ਦੇ ਬਣੇ ਰਹਿਣ ਤੇ ਸੰਭਾਲ ਦੌਰਾਨ ਹੀ ਗੁਰੂ ਨਗਰੀ ਪੂਰੀ ਤਰ੍ਹਾਂ ਸਮਾਰਟ ਰਹਿ ਸਕੇਗੀ।
ਕਿਵੇਂ ਹੋ ਗਏ ਦੀਵਾਰ ’ਤੇ ਕਬਜ਼ੇ
ਸ਼ਹਿਰ ਦੀ ਚਾਰਦੀਵਾਰੀ ਦੇ ਅੰਦਰਵਾਰ ਬਣੀਆਂ ਇਮਾਰਤਾਂ ਦੀਆਂ ਕੀਮਤਾਂ ਹਜ਼ਾਰਾਂ ਤੋਂ ਲੱਖਾਂ ’ਚ ਕਰਨ ਲਈ ਇਤਿਹਾਸਕ ਦੀਵਾਰ ਨੂੰ ਕਤਲ ਕੀਤਾ ਜਾਂਦਾ ਰਿਹਾ ਹੈ। ਨਿਗਮ ਦੇ ਐੱਮ. ਟੀ. ਪੀ. ਅਤੇ ਅਸਟੇਟ ਵਿਭਾਗ ਦੇ ਹੁੰਦਿਅਾਂ ਦੀਵਾਰ ’ਤੇ ਕਬਜ਼ੇ ਕਿਵੇਂ ਤੇ ਕਿਉਂ ਹੋ ਗਏ, ਇਸ ਲਈ ਜਾਂਚ ਹੋਣੀ ਜ਼ਰੂਰੀ ਹੈ ਤਾਂ ਕਿ ਮਿਲੀਭੁਗਤ ਨਾਲ ਇਤਿਹਾਸ ਦਾ ਮਲੀਆਮੇਟ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾ ਸਕੇੇ।
ਘੁੱਟ ਰਿਹਾ ਹੈ ਦੀਵਾਰ ਦਾ ਦਮ
ਕਈ ਥਾਵਾਂ ’ਤੇ ਦੀਵਾਰ ਨੂੰ ਜਗ੍ਹਾ-ਜਗ੍ਹਾ ਤੋਡ਼ ਕੇ ਰਸਤੇ ਕੱਢ ਲਏ ਗਏ ਹਨ। ਆਈ. ਟੀ. ਆਈ., ਬੈਂਕ ਸਮੇਤ ਨਾਮਵਰ ਰਾਜਨੀਤਕ ਆਗੂਅਾਂ ਸਮੇਤ ਕਈ ਲੋਕਾਂ ਨੂੰ ਇਮਾਰਤਾਂ ਕਮਰਸ਼ੀਅਲ ਕਰਦਿਆਂ ਦੀਵਾਰ ਤੋਡ਼ੀ ਗਈ। ਹਾਲ ਗੇਟ ਦੇ ਅੰਦਰਵਾਰ ਨਿਗਮ ਵੱਲੋਂ ਕਮਰਸ਼ੀਅਲ ਪਲਾਟ ਸੇਲ ਕੀਤੇ ਗਏ। ਸ਼ਰਤ ਜ਼ਰੂਰ ਰੱਖੀ ਗਈ ਸੀ ਕਿ ਦੀਵਾਰ ਨਾਲ ਛੇਡ਼ਛਾਡ਼ ਨਹੀਂ ਕੀਤੀ ਜਾਵੇਗੀ ਪਰ ਦੀਵਾਰ ਦੇ ਇਕ ਪਾਸੇ ਨਿਗਮ ਵੱਲੋਂ ਵੇਚੀ ਜ਼ਮੀਨ ’ਤੇ ਇਮਾਰਤਾਂ ਬਣ ਗਈਆਂ ਅਤੇ ਦੂਸਰੇ ਪਾਸੇ ਦੀਵਾਰ ਦੇ ਬਾਹਰਵਾਰ ਖੋਖੇ ਤੇ ਦੁਕਾਨਾਂ ਬਣਨ ਨਾਲ ਦੀਵਾਰ ਦਾ ਦਮ ਘੁੱਟ ਕੇ ਰਹਿ ਗਿਆ ਹੈ।
ਕਾਰਵਾਈ ਲਈ ਸੂਚੀ ਹੋ ਰਹੀ ਹੈ ਤਿਆਰ : ਕਮਿਸ਼ਨਰ
ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਤਾਇਨਾਤ ਟੀਮ ਵੱਲੋਂ ਦੀਵਾਰ ਨਾਲ ਛੇਡ਼ਛਾਡ਼ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਰਾਜਨੀਤੀ ਤੋਂ ਉਪਰ ਉਠ ਕੇ ਹਰ ਉਸ ਵਿਅਕਤੀ ’ਤੇ ਕਾਰਵਾਈ ਕੀਤੀ ਜਾਵੇਗੀ ਜਿਸ ਵੱਲੋਂ ਦੀਵਾਰ ਨੂੰ ਤੋਡ਼ ਕੇ ਰਸਤੇ ਕੱਢੇ ਗਏ ਹਨ। ਬੈਂਕ ਤੇ ਸਰਕਾਰੀ ਤੌਰ ’ਤੇ ਖੋਲ੍ਹੀਆਂ ਇਮਾਰਤਾਂ ਦੇ ਉੱਚ ਅਧਿਕਾਰੀਆਂ ਨੂੰ ਵੀ ਨੋਟਿਸ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਇਤਿਹਾਸਕ ਦੀਵਾਰ ਨਾਲ ਕਿਸੇ ਪ੍ਰਕਾਰ ਦੀ ਛੇਡ਼ਛਾਡ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੋ ਦੀਵਾਰ ਤੇ ਗੇਟ ਨਜ਼ਰ ਆ ਰਹੇ ਹਨ, ਉਨ੍ਹਾਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾਵੇਗਾ।