ਪੰਚਾਇਤੀ ਫੰਡਾਂ ’ਚ ਗਬਨ ਕਰਨ ਦੇ ਦੋਸ਼ ’ਚ ਵਿਜੀਲੈਂਸ ਬਿਊਰੋ ਵਲੋਂ 3 ਪੰਚਾਇਤ ਸਕੱਤਰਾਂ ਖ਼ਿਲਾਫ਼ ਕੇਸ ਦਰਜ

09/15/2022 4:02:33 PM

ਖੇਮਕਰਨ (ਸੋਨੀਆ) - ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗ੍ਰਾਮ ਪੰਚਾਇਤ ਮਨਾਵਾ ਜ਼ਿਲ੍ਹਾ ਤਰਨਤਾਰਨ ਦੀ ਜ਼ਮੀਨ ਚਕੌਤੇ ’ਤੇ ਦੇਣ ਸਬੰਧੀ ਪਿਛਲੇ ਦੋ ਸਾਲਾਂ ’ਚ ਚਕੌਤੇ ਦੀ ਰਕਮ 8,85,000 ਰੁਪਏ ਘੱਟ ਵਸੂਲੀ ਦਿਖਾਕੇ ਪੰਚਾਇਤੀ ਫੰਡਾਂ ਵਿੱਚ ਠੱਗੀ ਅਤੇ ਗਬਨ ਕਰਨ ਦੇ ਦੋਸ਼ਾਂ ਤਹਿਤ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਬਿਊਰੋ ਨੇ ਗਬਨ ਕਰਨ ਦੇ ਦੋਸ਼ ’ਚ ਤੱਤਕਾਲੀ ਬੀ.ਡੀ.ਪੀ.ਓ., ਸਮੇਤ ਤਿੰਨ ਪੰਚਾਇਤ ਸਕੱਤਰਾਂ ਖ਼ਿਲਾਫ਼ ਮਕੱਦਮਾ ਦਰਜ ਕਰਕੇ ਦੋ ਪੰਚਾਇਤ ਸਕੱਤਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਿਊਰੋ ਨੇ ਦੋਸ਼ੀਆਨ ਲਾਲ ਸਿੰਘ, ਐੱਸ.ਈ.ਪੀ.ਓ., ਚਾਰਜ ਬੀ.ਡੀ.ਪੀ.ਓ. ਵਲਟੋਹਾ, ਗਰਾਮ ਪੰਚਾਇਤ ਮਨਾਵਾ ਦੇ ਪੰਚਾਇਤ ਸਕੱਤਰ ਰਾਜਬੀਰ ਸਿੰਘ, ਗ੍ਰਾਮ ਵਿਕਾਸ ਅਫ਼ਸਰਾਂ (ਵੀ.ਡੀ.ਓ.) ਪਰਮਜੀਤ ਸਿੰਘ ਅਤੇ ਸਾਰਜ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ। ਦੋਸ਼ੀਆਂ ਖ਼ਿਲਾਫ਼ ਨੰਬਰ 16, ਮਿਤੀ 14.09.2022, ਜੁਰਮ ਅਧੀਨ ਧਾਰਾ 406, 409, 420, 468, 471 ਅਤੇ 120-ਬੀ, ਆਈ.ਪੀ.ਸੀ. ਅਤੇ 13(1) (ਏ), 13 (2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੁਕੱਦਮੇ ਵਿੱਚ ਪੰਚਾਇਤ ਸਕੱਤਰ ਰਾਜਬੀਰ ਸਿੰਘ ਤੇ ਵੀ.ਡੀ.ਓ. ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)

ਬੁਲਾਰੇ ਨੇ ਵੇਰਵੇ ਦਿੰਦਆਂ ਦੱਸਿਆ ਕਿ ਪੰਚਾਇਤ ਮਨਾਵਾ, ਬਲਾਕ ਵਲਟੋਹਾ ਵੱਲੋਂ ਸਾਲ 2019-20 ਵਿੱਚ ਪੰਚਾਇਤ ਦੀ 24 ਏਕੜ 07 ਕਨਾਲ 09 ਮਰਲੇ ਜਮੀਨ ਚਕੌਤੇਦਾਰਾਂ ਨੂੰ 7,35,000 ਰੁਪਏ ਵਿੱਚ ਦੇ ਕੇ ਚਕੌਤੇ ਦੀ ਪ੍ਰਾਪਤ ਇਹ ਰਕਮ ਗ੍ਰਾਮ ਪੰਚਾਇਤ ਮਨਾਵਾ ਦੇ ਬੈਂਕ ਖਾਤੇ ਵਿੱਚ ਅੱਜ ਤੱਕ ਜਮ੍ਹਾਂ ਨਹੀਂ ਕਰਵਾਈ ਗਈ। ਇਸ ਤੋਂ ਇਲਾਵਾ ਲਾਲ ਸਿੰਘ, ਐੱਸ.ਈ.ਪੀ.ਓ. ਚਾਰਜ ਬੀ.ਡੀ.ਪੀ.ਓ. ਬਤੌਰ ਪ੍ਰਬੰਧਕ ਅਤੇ ਰਾਜਬੀਰ ਸਿੰਘ ਪੰਚਾਇਤ ਸਕੱਤਰ ਵੱਲੋਂ ਹਾਈਕੋਰਟ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਮੀਨ ਦੀ ਬੋਲੀ ਨਾ ਕਰਵਾਕੇ ਉਕਤ ਜ਼ਮੀਨ ਦੀ ਬੋਲੀ ਨੂੰ ਮੁਬਲਗ 7,35,000 ਰੁਪਏ ਦੇ ਮੁਕਾਬਲੇ ਆਪਣੀ ਮਨਮਰਜੀ ਦੀ ਕੀਮਤ ਉਤੇ ਆਪਣੇ ਚਹੇਤਿਆਂ ਨੂੰ ਕ੍ਰਮਵਾਰ 3,35,000 ਰੁਪਏ ਅਤੇ 2,50,000 ਰੁਪਏ ਵਿੱਚ ਘੱਟ ਕੀਮਤ ਉਪਰ ਦੇ ਦਿੱਤੀ। 

ਪੜ੍ਹੋ ਇਹ ਵੀ ਖ਼ਬਰ : ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਬੱਚਿਆਂ ਨੂੰ ਲੈ ਕੇ ਪੁਲਸ ਦਾ ਨਵਾਂ ਖ਼ੁਲਾਸਾ

ਇਸ ਤਰ੍ਹਾਂ ਇਨ੍ਹਾਂ ਪੰਚਾਇਤ ਮੁਲਾਜ਼ਮਾਂ ਨੇ ਦੋ ਸਾਲਾਂ ਵਿੱਚ ਚਕੌਤੇ ਦੀ ਰਕਮ 8,85,000 ਰੁਪਏ ਦੀ ਘੱਟ ਵਸੂਲੀ ਦਿਖਾਕੇ ਪੰਚਾਇਤ ਦੇ ਫੰਡਾਂ ਵਿੱਚ ਇਹ ਫਰਾਡ ਅਤੇ ਗਬਨ ਕੀਤਾ ਗਿਆ ਹੈ ਜਿਸ ਕਰਕੇ ਇਨ੍ਹਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਫੌਜਦਾਰੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।


rajwinder kaur

Content Editor

Related News