ਹਰੇਕ ਪੱਖ ਤੋਂ ਨੁਕਸਾਨਦੇਹ ਹੈ ਖੇਤਾਂ ’ਚ ਰਹਿੰਦ-ਖੂੰਹਦ ਨੂੰ ਸਾੜਨ ਦਾ ਰੁਝਾਨ

Sunday, Nov 03, 2024 - 12:48 PM (IST)

ਹਰੇਕ ਪੱਖ ਤੋਂ ਨੁਕਸਾਨਦੇਹ ਹੈ ਖੇਤਾਂ ’ਚ ਰਹਿੰਦ-ਖੂੰਹਦ ਨੂੰ ਸਾੜਨ ਦਾ ਰੁਝਾਨ

ਗੁਰਦਾਸਪੁਰ(ਹਰਮਨ)-ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਹਰੇਕ ਪੱਖ ਤੋਂ ਨੁਕਸਾਨਦੇਹ ਹੈ। ਅੱਗ ਲਗਾਏ ਬਗੈਰ ਪਰਾਲੀ ਦੇ ਨਿਪਟਾਰੇ ਅਤੇ ਸਾਂਭ-ਸੰਭਾਲ ਲਈ ਖੇਤੀ ਇੰਜੀਨੀਅਰਾਂ ਵੱਲੋਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਤਿਆਰ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਮਸ਼ੀਨਾਂ ’ਤੇ ਸਰਕਾਰ ਵੱਲੋਂ 50 ਤੋਂ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਪਿਛਲੇ ਕਰੀਬ 3 ਸਾਲਾਂ ਵਿਚ ਮਸ਼ੀਨਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਅਜੇ ਵੀ ਕਈ ਕਿਸਾਨ ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਬਾਜ਼ ਨਹੀਂ ਆ ਰਹੇ।ਦੂਜੇ ਪਾਸੇ ਅਨੇਕਾਂ ਸੂਝਵਾਨ ਕਿਸਾਨਾਂ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਪਿਛਲੇ ਕਈ ਸਾਲਾਂ ਤੋਂ ਅੱਗ ਲਗਾਏ ਬਗੈਰ ਹੀ ਖੇਤਾਂ ਵਿਚ ਰਹਿੰਦ ਖੂੰਹਦ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਫਲਤਾ ਮਿਲ ਰਹੀ ਹੈ।

ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਧਿਕਾਰੀ

ਇਸ ਮੌਕੇ ਖੇਤਾਂ ਵਿਚ ਅੱਗ ਰੋਕਣ ਲਈ ਕੇਂਦਰ ਅਤੇ ਸੂਬਾ ਪੱਧਰ ’ਤੇ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੇ ਨਾਲ ਨਾਲ ਜੇਕਰ ਜ਼ਿਲ੍ਹਾ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਤੋਂ ਲੈ ਕੇ ਵੱਖ-ਵੱਖ ਸਬੰਧਿਤ ਵਿਭਾਗ ਦਾ ਫੀਲਡ ਸਟਾਫ ਨਿਰੰਤਰ ਕਿਸਾਨਾਂ ਨੂੰ ਖੇਤਾਂ ਵਿਚ ਅੱਗ ਲਗਾਉਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਸੇ ਤਰਾਂ ਪੁਲਸ ਮੁਖੀ ਸਮੇਤ ਥਾਣਿਆਂ ਦੀ ਫੋਰਸ ਵੀ ਇਸ ਮਾਮਲੇ ਵਿਚ ਨਿਰੰਤਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਲੋੜੀਂਦੀ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਵੀ ਪ੍ਰਬੰਧ ਕੀਤੇ ਗਏ ਹਨ ਅਤੇ ਮੋਬਾਇਲ 'ਤੇ ਉਨਤ ਐਪ ਰਾਹੀਂ ਖੇਤੀ ਮਸ਼ੀਨਰੀ ਦੀ ਮੈਪਿੰਗ ਵੀ ਕੀਤੀ ਗਈ ਹੈ। ਇਸ ਮੌਕੇ ਜ਼ਿਲ੍ਹੇ ਅੰਦਰ ਕਿਸਾਨਾਂ ਲਈ ਸਰਫੇਸ ਸੀਡਰ, ਸੁਪਰ ਐੱਸ. ਐੱਮ.ਐੱਸ, ਹੈਪੀ ਸੀਡਰ, ਸੁਪਰਸੀਡਰ, ਬੇਲਰ, ਰੇਕ ਮਸ਼ੀਨ, ਰੋਟਾਵੇਟਰ, ਮਲਚਰ, ਕਟਰ ਕਮ ਸਪਰੈਡਰ ਆਦਿ ਵਰਗੇ 6500 ਤੋਂ ਜਿਆਦਾ ਸੰਦ ਸਬਸਿਡੀ 'ਤੇ ਦਿੱਤੇ ਗਏ ਹਨ ਜੋ ਰਹਿੰਦ ਖੂੰਹਦ ਦੇ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਲਈ ਵਰਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ

ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਫਸਲਾਂ ਦੀ ਰਹਿੰਦ-ਖੂੰਹਦ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਅਤੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂਹੰਦ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਅੱਗ ਲਗਾ ਦਿੱਤੇ ਜਾਣ ਕਾਰਨ ਖੇਤ ਵਿਚ ਇਹ ਤੱਤ ਨਸ਼ਟ ਹੋ ਜਾਂਦੇ ਹਨ। ਇਕ ਅਨੁਮਾਨ ਅਨੁਸਾਰ ਇਕ ਟਨ ਝੋਨੇ ਦੀ ਪਰਾਲੀ ਵਿਚ ਤਕਰੀਬਨ 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ, 1.2 ਕਿਲੋ ਗੰਧਕ, 400 ਕਿਲੋ ਕਾਰਬਨ 'ਤੇ ਨਾਲ ਹੀ ਬਹੁਤ ਸਾਰੇ ਛੋਟੇ ਤੱਤ ਹੁੰਦੇ ਹਨ। ਇਸ ਤਹਿਤ ਕਣਕ ਦੀ ਬਿਜਾਈ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣ ਨਾਲ 33 ਕਿਲੋ ਨਾਈਟਰੋਜਨ, 13.8 ਕਿਲੋ ਫਾਸਫੋਰਸ, 150 ਕਿਲੋ ਪੋਟਾਸ਼ੀਅਮ, 7.2 ਕਿਲੋ ਗੰਧਕ ਅਤੇ 2400 ਕਿਲੋ ਕਾਰਬਨ ਤੋਂ ਇਲਾਵਾ ਛੋਟੇ ਤੱਤਾਂ ਦਾ ਹਰ ਸਾਲ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ- ਕੇਸ਼ੋਪੁਰ ਛੰਭ 'ਚ ਲੱਗਣਗੀਆਂ ਰੌਣਕਾਂ : ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਪ੍ਰਵਾਸੀ ਪੰਛੀ ਮਹਿਮਾਨ

ਮਾਹਿਰਾਂ ਦੀ ਰਿਪੋਰਟ ਅਨੁਸਾਰ ਖੇਤਾਂ ਵਿਚ ਅੱਗ ਲਗਾ ਕੇ ਕਿਸਾਨ ਪ੍ਰਤੀ ਹੈਕਟੇਅਰ

1960 ਰੁਪਏ ਦੇ ਖੁਰਾਕੀ ਤੱਤ ਸਾੜ ਦਿੰਦੇ ਹਨ। ਇਸ ਦੇ ਚਲਦਿਆਂ ਪੰਜਾਬ ਅੰਦਰ ਕਿਸਾਨ ਕਰੀਬ 20 ਮਿਲੀਅਨ ਟਨ ਝੋਨੇ ਦੀ ਪਰਾਲੀ ਸਾੜ ਕੇ ਹਰੇਕ ਸਾਲ 650 ਕਰੋੜ ਰੁਪਏ ਦਾ ਨੁਕਸਾਨ ਕਰ ਲੈਂਦੇ ਹਨ।

ਪੈਦਾ ਹੁੰਦੀਆਂ ਹਨ ਜ਼ਹਿਰੀਲੀਆਂ ਗੈਸਾਂ

ਆਰਥਿਕ ਨੁਕਸਾਨ ਦੇ ਇਲਾਵਾ ਇੱਕ ਹੈਕਟੇਅਰ ਦੀ ਪਰਾਲੀ ਸਾੜਨ ਨਾਲ ਤਕਰੀਬਨ 9090 ਕਿਲੋ ਕਾਰਬਨ ਡਾਈਆਕਸਾਈਡ, 552 ਕਿਲੋ ਕਾਰਬਨ ਮੋਨੋਆਕਸਾਈਡ, 24 ਕਿਲੋ ਨਾਈਟ੍ਰਸ ਆਕਸਾਈਡ, 2.4 ਕਿਲੋ ਸਲਫਰ ਆਕਸਾਈਡ, 16.2 ਕਿਲੋ ਮੀਥੇਨ ਅਤੇ 94.2 ਕਿਲੋ ਗ਼ੈਰ-ਮਿਥੇਨ ਉਡਣਯੋਗ ਜੈਵਿਕ ਪਦਾਰਥ ਨਿਕਲਦੇ ਹਨ ਜੋ ਵਾਤਾਵਰਣ ਨੂੰ ਪਲੀਤ ਕਰਦੇ ਹਨ।

ਇਹ ਵੀ ਪੜ੍ਹੋ- ਸੱਤ ਜਨਮਾਂ ਦਾ ਵਾਅਦਾ ਕਰਨ ਵਾਲਾ ਪਤੀ ਬਣਿਆ ਹੈਵਾਨ, ਕਤ.ਲ ਕਰ ਘਰ 'ਚ ਹੀ ਦੱਬ 'ਤੀ ਪਤਨੀ

ਅੱਗ ਨਾ ਲਗਾਉਣ ਨਾਲ ਘੱਟਦਾ ਹੈ ਖੇਤੀ ਖਰਚਾ

ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ 3 ਸਾਲਾਂ ਤੋਂ ਵੱਧ ਲਗਾਤਾਰ ਖੇਤ ਵਿੱਚ ਹੀ ਮਿਲਾ ਦੇਣ ਤਾਂ ਪਰਾਲੀ ਗਲਣ ਦੇ ਬਾਅਦ ਇਸ ਵਿਚਲੇ ਖ਼ੁਰਾਕੀ ਤੱਤ ਖੇਤ ਦੀ ਮਿੱਟੀ ਵਿੱਚਲੇ ਤੱਤਾਂ ਵਿਚ ਵਾਧਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਫ਼ਸਲਾਂ ਦਾ ਝਾੜ ਤਾਂ ਵਧਦਾ ਹੀ ਹੈ, ਸਗੋਂ ਖਾਦਾਂ ਦਾ ਖਰਚ ਵੀ ਘੱਟ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਮਾਹਿਰਾਂ ਵੱਲੋ ਕੀਤੇ ਖੋਜ- ਤਜ਼ਰਬਿਆਂ ਦੇ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਪਰਾਲੀ ਨੂੰ ਖੇਤਾਂ ਵਿਚ ਸਾਂਭਣ ਨਾਲ ਖੇਤਾਂ ਵਿੱਚੋਂ ਵੱਧ ਪੈਦਾਵਾਰ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾਂਭੇ ਖੇਤਾਂ ਵਿੱਚ ਕੀਤੇ ਗਏ ਤਜ਼ਰਬੇ ਬੇਹੱਦ ਸਫ਼ਲ ਹੋਏ ।

ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ

ਮਿੱਟੀ ਦੀ ਸਿਹਤ ’ਚ ਹੁੰਦਾ ਹੈ ਸੁਧਾਰ

ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਪਰਾਲੀ ਨਿਪਟਾਉਣ ਨਾਲ ਖਰਚੇ ਘੱਟ ਹੋਣ ਅਤੇ ਝਾੜ ਵਧਣ ਤੋਂ ਇਲਾਵਾ ਖੇਤਾਂ ਦੀ ਮਿੱਟੀ ਦੀ ਸਿਹਤ ਵਿਚ ਵੀ ਕਾਫੀ ਸੁਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀਆਂ ਸਿਫਾਰਸਾਂ ਅਨੁਸਾਰ ਜੇਕਰ ਕਿਸਾਨ ਖੇਤਾਂ ਵਿਚ ਅੱਗ ਲਗਾਏ ਬਗੈਰ ਹੀ ਰਹਿੰਦ ਖੂੰਹਦ ਦਾ ਨਿਪਟਾਰਾ ਕਰਦੇ ਹਨ ਤਾਂ ਚੌਥੇ ਸਾਲ ਤੋਂ ਬਾਅਦ ਇਨ੍ਹਾਂ ਖੇਤਾਂ ਵਿੱਚ 20 ਕਿਲੋ ਘੱਟ ਯੂਰੀਆ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕਿਸਾਨ ਜਦੋਂ ਅੱਗ ਲਗਾਉਂਦੇ ਹਨ ਤਾਂ ਜ਼ਿਆਦਾ ਖਾਦਾਂ ਦੀ ਵਰਤੋਂ ਕਰਕੇ ਵੀ ਘੱਟ ਪੈਦਾਵਾਰ ਨਿਕਲਦੀ ਹੈ ਜਦੋਂ ਕਿ ਅੱਗ ਨਾ ਲਗਾਉਣ ਦੀ ਸੂਰਤ ਵਿਚ ਇਸ ਦੇ ਉਲਟ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News