ਅੰਮ੍ਰਿਤਸਰ ’ਚ ਲੁਟੇਰਿਆਂ ਦਾ ਆਤੰਕ ਜਾਰੀ, ਦੋ ਵਾਰਦਾਤਾਂ ਨੂੰ ਦਿੱਤਾ ਅੰਜਾਮ
Sunday, Nov 05, 2023 - 12:15 PM (IST)
ਅੰਮ੍ਰਿਤਸਰ (ਸੰਜੀਵ)- ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਦਾਅਵਿਆਂ ਦੇ ਬਾਵਜੂਦ ਅੰਮ੍ਰਿਤਸਰ ’ਚ ਲੁਟੇਰਿਆਂ ਦਾ ਆਤੰਕ ਜਾਰੀ ਹੈ। ਹਰ ਰੋਜ਼ ਲੁਟੇਰੇ ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਸ ਇਨ੍ਹਾਂ ’ਤੇ ਸ਼ਿਕੰਜਾ ਕੱਸਣ ਵਿਚ ਨਾਕਾਮ ਸਾਬਿਤ ਹੋ ਰਹੀ ਹੈ। ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦਾ ਕਾਰਨ ਸ਼ਹਿਰ ’ਚ ਸ਼ਰੇਆਮ ਵਿਕ ਰਿਹਾ ਨਸ਼ਾ ਹੈ, ਜਿਸ ਨੂੰ ਪੂਰਾ ਕਰਨ ਲਈ ਲੁਟੇਰੇ ਲੋਕਾਂ ਨੂੰ ਡਰਾ ਧਮਕਾ ਕੇ ਜ਼ਖ਼ਮੀ ਕਰਦੇ ਹਨ ਅਤੇ ਸਾਮਾਨ ਖੋਹ ਲੈਂਦੇ ਹਨ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਬੇਖੌਫ ਲੁਟੇਰੇ ਕੀਮਤੀ ਸਾਮਾਨ ਅਤੇ ਨਕਦੀ ਖੋਹਣ ਦੇ ਨਾਲ-ਨਾਲ ਗੋਲੀਆਂ ਵੀ ਚਲਾ ਦਿੰਦੇ ਹਨ। ਹਾਲ ਹੀ ਵਿਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਇਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਸੀ।
ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ
ਇਸੇ ਤਰ੍ਹਾਂ ਥਾਣਾ ਇਸਲਾਮਾਬਾਦ ਅਤੇ ਮੋਹਕਮਪੁਰਾ ਇਲਾਕੇ ਵਿਚ ਲੁਟੇਰਿਆਂ ਨੇ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਵਿਚ ਥਾਣਾ ਇਸਲਾਮਾਬਾਦ ਦੀ ਪੁਲਸ ਨੂੰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਐਕਟਿਵਾ ਸਕੂਟਰ ’ਤੇ ਥਾਂਦੇ ਰੋਡ ਤੋਂ ਗੰਦੇ ਨਾਲੇ ਵੱਲ ਜਾ ਰਿਹਾ ਸੀ। ਸਵੇਰੇ 7 ਵਜੇ ਦੇ ਕਰੀਬ ਇਕ ਇਨੋਵਾ ਕਾਰ ਵਿਚ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਅਤੇ ਹਥਿਆਰਾਂ ਦੀ ਨੋਕ ’ਤੇ ਉਸ ਦੇ ਹੱਥ ਵਿਚ ਪਾਇਆ ਚਾਂਦੀ ਦਾ ਕੜਾ ਅਤੇ ਜੇਬ ਵਿਚੋਂ 10 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ।
ਇਹ ਵੀ ਪੜ੍ਹੋ- ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਲੰਗਰ 'ਚ ਬਣਨਗੀਆਂ ਭਾਰਤੀ ਸਬਜ਼ੀਆਂ, ਕੇਂਦਰ ਦੀ ਵੱਡੀ ਪਹਿਲਕਦਮੀ
ਦੂਜੇ ਪਾਸੇ ਥਾਣਾ ਮੋਹਕਮਪੁਰਾ ਦੀ ਪੁਲਸ ਨੂੰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਗਲਿਆਰਾ ਖੇਤਰ ’ਚ ਸਥਿਤ ਟੀਟੂ ਪੰਜਾਬੀ ਜੁੱਤੀ ਦੀ ਦੁਕਾਨ ’ਤੇ ਕੰਮ ਕਰਦਾ ਹੈ। ਬੀਤੀ ਰਾਤ ਕਰੀਬ ਸਾਢੇ 12 ਵਜੇ ਉਹ ਦੁਕਾਨ ’ਤੇ ਕੰਮ ਖ਼ਤਮ ਕਰ ਕੇ ਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ। ਜੌੜਾ ਫਾਟਕ ਨੇੜੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਪਹਿਲਾਂ ਉਸ ਦਾ ਮੋਬਾਇਲ ਖੋਹ ਲਿਆ ਅਤੇ ਫਿਰ ਉਸ ਦੀ ਜੇਬ ਵਿਚ ਪਈ 2 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਤਿੰਨੋਂ ਲੁਟੇਰਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8