ਪੁਲਸ ਅੜਿੱਕੇ ਨਹੀਂ ਆ ਰਿਹਾ ਕਟੜਾ ਕਰਮ ਸਿੰਘ ਦਾ ਚਾਈਨਾ ਡੋਰ ਦਾ ਵਿਕਰੇਤਾ, ਪਹਿਲਾਂ ਵੀ ਦਰਜ ਹਨ ਕਈ ਮਾਮਲੇ
Sunday, Dec 24, 2023 - 04:13 PM (IST)
ਅੰਮ੍ਰਿਤਸਰ (ਨੀਰਜ)- ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ, ਵਾਤਾਵਰਣ ਪ੍ਰੇਮੀਆਂ ਅਤੇ ਪਸ਼ੂ-ਪੰਛੀ ਪ੍ਰੇਮੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜ਼ਿਲ੍ਹੇ ਅੰਦਰ ਪਾਬੰਦੀਸ਼ੁਦਾ ਚਾਈਨਾ ਡੋਰ (ਸਿੰਥੈਟਿਕ ਡੋਰ) ਦੀ ਵਿਕਰੀ ’ਤੇ ਪਾਬੰਦੀ ਲਾਈ ਜਾਵੇ ਅਤੇ ਇਸ ਦੀ ਵਰਤੋਂ ਵੀ ਬੰਦ ਕਰਵਾਈ ਜਾਵੇ। ਇਸ ਮਾਮਲੇ ਵਿਚ ਨਵ-ਨਿਯੁਕਤ ਪੁਲਸ ਕਮਿਸ਼ਨਰ ਦੇ ਸਖ਼ਤ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੁਝ ਈਮਾਨਦਾਰ ਪੁਲਸ ਅਧਿਕਾਰੀ ਹਰ ਰੋਜ਼ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ ਪਰ ਪਿਛਲੇ ਕਈ ਸਾਲਾਂ ਤੋਂ ਸਰਗਰਮ ਗੈਰ-ਕਾਨੂੰਨੀ ਤੌਰ ਨਾਲ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਾ ਕਟੜਾ ਕਰਮ ਸਿੰਘ ਅਤੇ ਨਮਕ ਮੰਡੀ ਦਾ ਬਹੁ-ਚਰਚਿਤ ਚਾਈਨਾ ਡੋਰ ਵਿਕਰੇਤਾ ਪੁਲਸ ਦੇ ਅੜਿੱਕੇ ਕਿਉਂ ਨਹੀਂ ਆ ਰਿਹਾ। ਇਹ ਇਕ ਵੱਡਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ।
ਸੈਂਕੜਿਆਂ ਦੇ ਹਿਸਾਬ ਨਾਲ ਚਾਈਨਾ ਡੋਰ ਦੇ ਗੱਟੂ ਲੈ ਕੇ ਬਲੈਕ ਕਰਨ ਵਾਲੇ ਇਸ ਵਿਕਰੇਤਾ ’ਤੇ ਪਹਿਲਾਂ ਵੀ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ। ਇਸ ’ਤੇ ਪੁਲਸ ਦੀ ਨਜ਼ਰ ਕਿਉਂ ਨਹੀਂ ਪੈ ਰਹੀ, ਵਿਸ਼ੇਸ਼ ਤੌਰ ’ਤੇ ਸੀ. ਆਈ. ਏ. ਸਟਾਫ਼ ਦੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਚਾਈਨਾ ਡੋਰ ਵਿਕਰੇਤਾ ਅੱਜ ਵੀ ਧੜੱਲੇ ਨਾਲ ਚਾਈਨਾ ਡੋਰ ਦੀ ਵਿਕਰੀ ਕਰ ਰਿਹਾ ਹੈ ਅਤੇ ਇਸ ਕੋਲ ਚਾਈਨਾ ਡੋਰ ਦਾ ਬੰਪਰ ਸਟਾਕ ਵੀ ਮੌਜੂਦ ਹੈ।
ਇਹ ਵੀ ਪੜ੍ਹੋ- ਸਮਾਜ ਵਿਰੋਧੀ ਅਨਸਰਾਂ ’ਤੇ ਭਾਰੀ ਰਹੀ ਪੰਜਾਬ ਪੁਲਸ, ਇਸ ਸਾਲ ਗੈਂਗਸਟਰਾਂ ਤੇ ਸਮੱਗਲਰਾਂ ਦਾ ਕਾਰੋਬਾਰ ਰਿਹਾ ‘ਠੰਡਾ’
ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ’ਤੇ ਅੱਜ ਤੱਕ ਕਾਰਵਾਈ ਨਹੀਂ
ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਾ ਸਿਰਫ ਡੋਰ ਦੀ ਵਿਕਰੀ ਕਰਨ ’ਤੇ ਪਾਬੰਦੀ ਲਾਈ ਹੈ, ਸਗੋਂ ਚਾਈਨਾ ਡੋਰ ਦੀ ਵਰਤੋਂ ਕਰਨ ’ਤੇ ਵੀ ਪੂਰਨ ਪਾਬੰਦੀ ਗਈ ਹੈ। ਕਾਨੂੰਨ ਦੀ ਨਜ਼ਰ ਵਿਚ ਜਿੰਨਾ ਗੁਨਾਹਗਾਰ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਾ ਹੈ, ਓਨਾ ਹੀ ਗੁਨਾਹਗਾਰ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਾ ਵਿਅਕਤੀ ਜਾਂ ਨੌਜਵਾਨ ਵੀ ਹੈ ਪਰ ਅੱਜ ਤੱਕ ਪੁਲਸ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਧੜੱਲੇ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰ ਰਹੇ ਹਨ ਅਤੇ ਲੋਕਾਂ ਦੇ ਗਲੇ ਵੱਢ ਰਹੇ ਹਨ, ਉਨ੍ਹਾਂ ਨੂੰ ਕਾਬੂ ਨਹੀਂ ਕੀਤਾ ਗਿਆ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਚਾਈਨਾ ਡੋਰ ਦੀ ਮੰਗ ਹੀ ਬੰਦ ਕਰ ਦਿੱਤੀ ਜਾਵੇ ਤਾਂ ਇਸ ਦੀ ਵਿਕਰੀ ’ਤੇ ਖੁਦ ਲਗਾਮ ਲੱਗ ਜਾਵੇਗੀ ਪਰ ਅਜਿਹਾ ਨਹੀਂ ਹੋ ਰਿਹਾ ਹੈ।
ਬੱਚਿਆਂ ਦੇ ਮਾਪੇ ਹੀ ਖ਼ਰੀਦ ਕੇ ਦੇ ਰਹੇ ਹਨ ਚਾਈਨਾ ਡੋਰ
ਇਕ ਪਾਸੇ ਜਿੱਥੇ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸਕੂਲਾਂ-ਕਾਲਜਾਂ ਵਿਚ ਚਾਈਨਾ ਡੋਰ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਪਰ ਜ਼ਿਆਦਾਤਰ ਮਾਮਲਿਆਂ ਵਿਚ ਦੇਖਿਆ ਗਿਆ ਹੈ ਕਿ ਬੱਚਿਆਂ ਦੇ ਮਾਪੇ ਹੀ ਚਾਈਨਾ ਡੋਰ ਖਰੀਦ ਕੇ ਆਪਣੇ ਬੱਚਿਆਂ ਨੂੰ ਦੇ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ
ਨਹੀਂ ਬਣਾਏ ਗਏ ਪੁਲਸ ਅਤੇ ਪ੍ਰਸ਼ਾਸਨ ਦੇ ਸਾਂਝੇ ਉੱਡਣ ਦਸਤੇ
ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਅਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੁਲਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਪੁਲਸ ਅਤੇ ਸਿਵਲ ਅਧਿਕਾਰੀਆਂ, ਜਿਨ੍ਹਾਂ ਵਿਚ ਡਿਊਟੀ ਮੈਜਿਸਟ੍ਰੇਟ ਰੈਂਕ ਦੇ ਅਧਿਕਾਰੀਆਂ ਨੂੰ ਲੈ ਕੇ ਸਾਂਝੇ ਤੌਰ ’ਤੇ ਉੱਡਣ ਦਸਤੇ ਬਣਾਏ ਜਾਂਦੇ ਰਹੇ ਹਨ ਜੋ ਸਾਂਝੇ ਤੌਰ ਨਾਲ ਚਾਈਨਾ ਡੋਰ ਨੂੰ ਵੇਚਣ ਵਾਲਿਆਂ ਅਤੇ ਵਰਤਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਦੇ ਹਨ ਪਰ ਮੌਜੂਦਾ ਸਰਕਾਰ ਵਿਚ ਅਜੇ ਤੱਕ ਅਜਿਹੇ ਉੱਡਣ ਦਸਤੇ ਨਹੀਂ ਬਣਾਏ ਗਏ ਹਨ, ਜਿਸ ਨਾਲ ਚਾਈਨਾ ਡੋਰ ਵਿਕਰੇਤਾ ਦੇ ਹੌਸਲੇ ਹੋਰ ਵਧ ਚੁੱਕੇ ਹਨ।
ਚਾਈਨਾ ਡੋਰ ਦੇ ਕੇਸ ਬਣਾਉਣ ਵਾਲੇ ਅਧਿਕਾਰੀਆਂ ਨੂੰ ਕੀਤਾ ਜਾਵੇ ਸਨਮਾਨਿਤ
ਆਮ ਤੌਰ ’ਤੇ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਚਿੱਟਾ ਵੇਚਣ ਵਾਲੇ ਸਮੱਗਲਰਾਂ, ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਅਤੇ ਵਧੀਆ ਕੇਸ ਬਣਾਉਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਜੇਕਰ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਇਸ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ, ਇਹ ਸਮਾਜਿਕ ਜਥੇਬੰਦੀਆਂ ਦੀ ਵੀ ਮੰਗ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8