ਸ਼ੂਗਰ ਮਿੱਲ ਦੇ ਡਰਾਈਵਰਾਂ ਤੇ ਵਰਕਰਾਂ ਵਲੋਂ ਕਿਰਤ ਦਫ਼ਤਰ ਮੂਹਰੇ ਧਰਨਾ

Saturday, Nov 10, 2018 - 03:54 AM (IST)

ਬਟਾਲਾ, (ਸਾਹਿਲ)- ਅੱਜ ਏਕਟੂ ਦੀ ਅਗਵਾਈ ਵਿਚ ਕਿਰਤ ਦਫ਼ਤਰ ਬਟਾਲਾ ਵਿਖੇ ਡਰਾਈਵਰ ਅਤੇ ਵਰਕਰ ਯੂਨੀਅਨ ਸ਼ੂਗਰ ਅਤੇ ਸ਼ਰਾਬ ਮਿੱਲ ਕੀਡ਼ੀ ਦੇ ਡਰਾਈਵਰਾਂ ਵਲੋਂ ਧਰਨਾ ਦਿੱਤਾ ਗਿਆ। 
ਧਰਨੇ ਨੂੰ ਸੰਬੋਧਨ ਕਰਦਿਆਂ ਏਕਟੂ ਪੰਜਾਬ ਦੇ ਜਰਨਲ ਸਕੱਤਰ ਕਾ. ਗੁਲਜਾਰ ਸਿੰਘ ਭੁਬੰਲੀ ਅਤੇ ਮਾਝਾ ਜੋਨ ਦੇ ਸਕੱਤਰ ਕਾ. ਮਨਜੀਤ ਰਾਜ ਨੇ ਕਿਹਾ ਕਿ ਕੀਡ਼ੀ ਮਿੱਲ ਦੇ ਪ੍ਰਬੰਧਕਾਂ ਨੇ ਡਰਾਈਵਰ ਅਤੇ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਸਸਪੈਂਡ ਕੀਤਾ ਹੈ, ਤਾਂ ਜੋ ਉਨ੍ਹਾਂ  ਵਲੋਂ ਬਾਕੀ ਦੇ ਡਰਾਈਵਰਾਂ ਤੇ ਵਰਕਰਾਂ ਵਿਚ ਤੇ ਯੂਨੀਅਨ ਦੇ ਮਨਾਂ ਵਿਚ ਡਰ ਪੈਦਾ ਕੀਤਾ ਜਾਵੇ। 
ਇਸ ਦੇ ਬਾਵਜੂਦ ਸਾਰੇ ਡਰਾਈਵਰ ਛੁੱਟੀ ਕਰਕੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਹੱਕ ਵਿਚ ਕਿਰਤ ਦਫ਼ਤਰ ਵਿਖੇ ਧਰਨੇ ਵਿਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਪ੍ਰਧਾਨ ਸੁਖਵਿੰਦਰ ਨੂੰ ਬਹਾਲ ਕੀਤਾ ਜਾਵੇ ਤੇ ਮਿੱਲ ਵਿਚ ਯੂਨੀਅਨ ਨੂੰ ਮਾਨਤਾ ਦਿੱਤੀ ਜਾਵੇ। 
ਮਿੱਲ  ਦੇ ਪ੍ਰਬੰਧਾਂ ਬਾਰੇ ਬੋਲਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਕੀਡ਼ੀ ਮਿੱਲ ਮੈਨਜਮੈਂਟ ਕਿਰਤ ਕਾਨੂੰਨ ਅਤੇ ਘੱਟੋ-ਘੱਟ ਉਜਰਤ ਦੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀ ਹੈ, ਅੌਰਤ ਵਰਕਰਾਂ ਨੂੰ ਬਹੁਤ ਘੱਟ ਤਨਖਾਹ  ’ਤੇ ਕੰਮ ਕਰਨਾ ਪੈ ਰਿਹਾ ਹੈ, ਅਸਿਸਟੈਂਟ ਲੇਬਰ ਕਮਿਸ਼ਨਰ ਬਟਾਲਾ ਪ੍ਰਦੀਪ ਕੁਮਾਰ ਨੇ ਮੈਨਜਮੈਂਟ ਅਧਿਕਾਰੀ ਨੂੰ ਜਲਦੀ ਤੋਂ ਜਲਦੀ ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਬਹਾਲ ਕਰਨ ਲਈ ਕਿਹਾ। ਦੂਸਰੇ ਪਾਸੇ ਡਰਾਈਵਰ ਯੂਨੀਅਨ ਦੇ ਵਰਕਰਾਂ ਨੇ ਕਿਹਾ ਹੈ ਕਿ ਜੇਕਰ ਮੈਨਜਮੈਂਟ ਨੇ ਪ੍ਰਧਾਨ ਨੂੰ ਤੁਰੰਤ ਬਹਾਲ ਨਾ ਕੀਤਾ ਤਾਂ ਉਹ ਆਪਣੇ ਸੰਘਰਸ਼ ਨੂੰ ਤਿੱਖਾ ਕਰਨਗੇ। ਧਰਨੇ ਨੂੰ ਕਾ. ਕੁਲਬੀਰ ਮਸੀਹ ਭੋਲਾ, ਬਸੀਰ ਗਿੱਲ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਹਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। 


Related News