ਰੇਤਾ ਸਸਤੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ, 6 ਹਜ਼ਾਰ ਰੁਪਏ ਸੈਂਕੜਾ ਪੁੱਜੀ ਰੇਤ ਦੀ ਕੀਮਤ
Tuesday, Jan 23, 2024 - 06:19 PM (IST)
ਅੰਮ੍ਰਿਤਸਰ (ਨੀਰਜ)- ਘਰ ਬਣਾਉਣਾ ਹੁਣ ਆਸਾਨ ਨਹੀਂ ਰਿਹਾ। ਰੇਤ ਸਸਤੀ ਨਾ ਹੋਣ ਕਾਰਨ ਜਨਤਾ ਤਰਾਹ-ਤਰਾਹ ਕਰ ਰਹੀ ਹੈ। 6 ਹਜ਼ਾਰ ਰੁਪਏ ਸੈਂਕੜਾ ਰੇਤ ਦਾ ਭਾਅ ਪੁੱਜ ਗਿਆ ਅਤੇ ਜੰਮ ਕੇ ਬਲੈਕ ਹੋ ਰਹੀ ਹੈ। ਇਸ ਦੇ ਨਾਲ ਹੀ ਜੰਮੂ, ਹਿਮਾਚਲ ਅਤੇ ਰਾਜਸਥਾਨ ਤੋਂ ਰੇਤ ਦੀ ਸਮੱਗਲਿੰਗ ਹੋ ਰਹੀ ਹੈ। ਜੋ ਰੇਤਾ ਮਿਲ ਰਹੀ ਹੈ, ਉਹ ਵੀ ਘਟੀਆ ਕੁਆਲਿਟੀ ਦੀ ਹੈ, ਜਿਸ ਕਾਰਨ ਇਸ ਸਮੇਂ ਆਮ ਜਨਤਾ ਤਰਾਹ-ਤਰਾਹ ਕਰ ਰਹੀ ਹੈ, ਕਿਉਂਕਿ ਰੇਤਾ ਦੀ ਜੰਮ ਕੇ ਬਲੈਕ ਰਹੀ ਹੈ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਜਿੱਥੇ ਇਹ ਗੈਰ-ਕਾਨੂੰਨੀ ਮਾਈਨਿੰਗ ਵੀ ਹੋ ਰਹੀ ਹੈ, ਉੱਥੇ ਮੁੱਖ ਤੌਰ ’ਤੇ ਅਜਨਾਲਾ ਦੇ ਇਲਾਕੇ ਵਿਚ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤਾ ਉਥੇ ਜੰਮੂ-ਕਸ਼ਮੀਰ, ਰਾਜਸਥਾਨ ਪੰਜਾਬ ਵਰਗੇ ਗੁਆਂਢੀ ਸੂਬਿਆਂ ਤੋਂ ਵੀ ਰੇਤ ਦੀ ਸਮੱਗਲਿੰਗ ਹੋ ਰਹੀ ਹੈ ਪਰ ਆਮ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਰਿਹਾ, ਉਲਟਾ ਬਹੁਤ ਲੁੱਟ ਹੋ ਰਹੀ ਹੈ।
ਅਜੇ ਤੱਕ ਸਰਕਾਰੀ ਖੱਡੇ ਨਹੀਂ ਹੋਏ ਸ਼ੁਰੂ
ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਇੱਥੇ ਚਾਹੜਪੁਰ, ਕੋਟ ਸ਼ਹਿਜ਼ਾਦ, ਸਾਰੰਗਦੇਵ, ਬੱਲੜਵਾਲ, ਸ਼ਾਹਕੋਟ, ਗੁਰਚੱਕ, ਰੂੜੇਵਾਲ, ਕਾਸੋਵਾਲ ਅਤੇ ਸਾਹੋਵਾਲ ਆਦਿ ਖੇਤਰਾਂ ਵਿਚ ਸਰਕਾਰੀ ਖੱਡੇ ਚੱਲ ਰਹੇ ਹਨ ਅਤੇ ਬਕਾਇਦਾ ਇਨ੍ਹਾਂ ਖੱਡਾਂ ਦੀ ਬੋਲੀ ਵੀ ਲਗਾਈ ਜਾਂਦੀ ਸੀ ਅਤੇ ਆਨਲਾਈਨ ਸਿਸਟਮ ਰਾਹੀਂ ਵੀ ਬੋਲੀ ਸ਼ੁਰੂ ਕਰਵਾਈ ਗਈ ਪਰ ਮੌਜੂਦਾ ਸਮੇਂ ਵਿਚ ਇਨ੍ਹਾਂ ਖੱਡਾਂ ’ਤੇ ਕੰਮ ਬੰਦ ਹੈ, ਕਿਉਂਕਿ ਇਸ ਲਈ ਮਾਈਨਿੰਗ ਵਿਭਾਗ ਵੀ ਬੋਲਣ ਨੂੰ ਤਿਆਰ ਨਹੀਂ ਹੈ, ਪਰ ਇਸ ਲਾਪ੍ਰਵਾਹੀ ਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈ ਰਿਹਾ ਹੈ, ਜਿਸ ਨੂੰ ਮਹਿੰਗੀ ਭਾਅ ਰੇਤ ਖਰੀਦਣੀ ਪੈ ਰਹੀ ਹੈ।
ਰੇਤ 500 ਤੋਂ 700 ਰੁਪਏ ਰੁਪਏ ਸੈਂਕੜਾ ਮਿਲਦੀ ਸੀ ਰੇਤ
ਰੇਤ ਦੀ ਗੱਲ ਕਰੀਏ ਤਾਂ ਕਰੀਬ 15 ਤੋਂ 18 ਸਾਲ ਪਹਿਲਾਂ ਰੇਤ 500 ਤੋਂ 700 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਵਿਕਦੀ ਸੀ ਅਤੇ ਇਸ ਤੋਂ ਪਿਛਲੇ ਸਾਲਾਂ ਦੌਰਾਨ ਰੇਤ ਦੀ ਕੀਮਤ ਇਸ ਤੋਂ ਕਾਫੀ ਘੱਟ ਸੀ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਰੇਤ ਦੀ ਕੀਮਤ 5 ਹਜ਼ਾਰ ਰੁਪਏ ਪ੍ਰਤੀ ਸੈਂਕੜੇ ਤੱਕ ਪਹੁੰਚ ਗਈ ਸੀ ਪਰ ਮੌਜੂਦਾ ਸਮੇਂ ਵਿਚ ਬਲੈਕ ਰੇਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਜਨਤਾ ਪ੍ਰੇਸ਼ਾਨ ਹੈ।
ਜਹਾਜਗੜ੍ਹ ਇਲਾਕੇ ’ਚ ਵੇਖੀਆਂ ਜਾ ਸਕਦੀਆਂ ਹਨ ਰੇਤ ਦੀਆਂ ਟਰਾਲੀਆਂ
ਪ੍ਰਸ਼ਾਸਨ ਵੱਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਅੰਦਰ ਦਾਖ਼ਲ ਹੁੰਦੇ ਹੀ ਰੇਤ ਨਾਲ ਭਰੀਆਂ ਟਰਾਲੀਆਂ ਜਹਾਜਗੜ੍ਹ ਇਲਾਕੇ ਵਿਚ ਖੁੱਲ੍ਹੇਆਮ ਖੜ੍ਹੀਆਂ ਵੇਖੀਆਂ ਜਾ ਸਕਦੀਆਂ ਹਨ। ਇਹ ਰੇਤ ਗੁਪਤ ਤਰੀਕੇ ਨਾਲ ਲਿਆਂਦੀ ਜਾ ਰਹੀ ਹੈ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਕਾਰਨ ਇਹ ਸਥਿਤੀ ਬਣੀ ਹੋਈ ਹੈ। ਭਾਵੇਂ ਹਾਲ ਹੀ ਵਿਚ ਮਾਈਨਿੰਗ ਵਿਭਾਗ ਨੇ ਪੁਲਸ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਸੀ ਪਰ ਇਹ ਨਾਕਾਫ਼ੀ ਸਾਬਤ ਹੋਇਆ ਹੈ।
ਇਸ ਸਮੇਂ ਰੇਤ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਆਮ ਆਦਮੀ ਨੂੰ ਮਹਿੰਗੇ ਭਾਅ ’ਤੇ ਘਟੀਆ ਕੁਆਲਿਟੀ ਦੀ ਰੇਤ ਮਿਲ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਖੱਡਾਂ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਸਸਤੀ ਰੇਤ ਮਿਲ ਸਕੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8