ਜੇਲ੍ਹ ’ਚ ਮਾਰੇ ਗਏ ਗੈਂਗਸਟਰਾਂ ਦਾ ਹੋਇਆ ਪੋਸਟਮਾਰਟਮ, ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਲਾਸ਼ਾਂ

Tuesday, Feb 28, 2023 - 10:57 AM (IST)

ਜੇਲ੍ਹ ’ਚ ਮਾਰੇ ਗਏ ਗੈਂਗਸਟਰਾਂ ਦਾ ਹੋਇਆ ਪੋਸਟਮਾਰਟਮ, ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਲਾਸ਼ਾਂ

ਤਰਨ ਤਾਰਨ (ਰਮਨ ਚਾਵਲਾ)- ਲੰਘੇ ਐਤਵਾਰ ਸ਼ਾਮ ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿਚ ਨਾਮਜ਼ਦ ਗੈਂਗਸਟਰਾਂ ਦੀ ਆਪਸ ਵਿਚ ਹੋਈ ਜ਼ਬਰਦਸਤ ਗੈਂਗਵਾਰ ਦੌਰਾਨ ਮਾਰੇ ਗਏ ਦੋ ਗੈਂਗਸਟਰਾਂ ਦਾ ਸੋਮਵਾਰ ਮੈਜਿਸਟ੍ਰੇਟ ਦੇ ਨਿਰਦੇਸ਼ਾਂ ਉਪਰੰਤ ਤਿੰਨ ਮੈਂਬਰੀ ਬੋਰਡ ਵਲੋਂ ਕੀਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਵਾਰਦਾਤ ਦੌਰਾਨ ਗੰਭੀਰ ਜ਼ਖ਼ਮੀ ਗੈਂਗਸਟਰ ਕੇਸ਼ਵ ਅਤੇ ਅਰਸ਼ਦ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਪੁਲਸ ਦੇ ਪੁਖਤਾ ਸਖ਼ਤ ਪ੍ਰਬੰਧਾਂ ਹੇਠ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਹੇਠ 7 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੋਮਵਾਰ ਜੇਲ੍ਹ ’ਚ ਦੌਰਾ ਕਰਨ ਪੁੱਜੇ ਏ. ਡੀ. ਜੀ. ਪੀ. ਵਲੋਂ ਦਿੱਤੇ ਹੁਕਮਾਂ ਤੋਂ ਬਾਅਦ ਜੇਲ੍ਹ ’ਚ ਮੌਜੂਦ ਕਰੀਬ 10 ਤੋਂ 15 ਗੈਂਗਸਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ’ਚ ਤਬਦੀਲ ਕਰ ਦਿੱਤਾ ਗਿਆ ਹੈ।ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਿਜੇ ਕੁਮਾਰ ਦੇ ਬਿਆਨਾਂ ਹੇਠ ਦਰਜ ਕੀਤੀ ਗਈ ਐੱਫ.ਆਈ.ਆਰ ਵਿਚ ਦੱਸਿਆ ਗਿਆ ਹੈ ਕਿ ਸੁਖਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਨਾਮਜ਼ਦ ਖਤਰਨਾਕ ਗੈਂਗਸਟਰ ਅਤੇ ਮੁਲਜ਼ਮ ਜੇਲ੍ਹ ਵਿਚ ਬੰਦ ਹਨ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੀਤਾ ਕਤਲ

ਜੇਲ੍ਹ ਦੀ ਬਲਾਕ ਨੰਬਰ-2 ’ਚ ਮੌਜੂਦ ਹਵਾਲਾਤੀ ਮਨਦੀਪ ਸਿੰਘ ਉਰਫ਼ ਤੂਫ਼ਾਨ ਪੁੱਤਰ ਹਰਭਜਨ ਸਿੰਘ ਵਾਸੀ ਡੇਰਾ ਬਾਬਾ ਨਾਨਕ ਰੋਡ ਬਟਾਲਾ, ਮਨਮੋਹਨ ਸਿੰਘ ਉਰਫ਼ ਮੋਹਨਾ ਰੱਲੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰੱਲੀ ਜ਼ਿਲ੍ਹਾ ਮਾਨਸਾ, ਕੇਸ਼ਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਆਵਾਂ ਬਸਤੀ ਬਠਿੰਡਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਪੌਤ ਨੇੜੇ ਰਈਆ ਅੰਮ੍ਰਿਤਸਰ, ਚਰਨਜੀਤ ਸਿੰਘ ਉਰਫ ਚੇਤਨ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਲਾ ਰਾਮ ਨਗਰ ਬਠਿੰਡਾ, ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਪਾਲ ਸਿੰਘ ਵਾਸੀ ਪਿੰਡ ਮੁੰਡਾਪਿੰਡ ਜ਼ਿਲ੍ਹਾ ਤਰਨਤਾਰਨ ਮੌਜੂਦ ਸਨ।

ਜੇਲ੍ਹ ਦੇ ਬਲਾਕ ਨੰਬਰ-1 ’ਚ ਮਨਪ੍ਰੀਤ ਸਿੰਘ ਉਰਫ ਭਾਊ ਪੁੱਤਰ ਸੁਖਪਾਲ ਸਿੰਘ ਵਾਸੀ ਢੁੱਪਈ ਜ਼ਿਲ੍ਹਾ ਫਰੀਦਕੋਟ, ਸਚਿਨ ਦੀਵਾਨ ਦੀ ਪੁੱਤਰੀ ਚੌਧਰੀ ਪੁੱਤਰ ਸੁਰਿੰਦਰ ਸਿੰਘ ਵਾਸੀ ਭੀਵਾਨੀ ਖੇਡ਼ਾ ਹਰਿਆਣਾ, ਅੰਕਿਤ ਲਾਡੀ ਉਰਫ ਅੰਕਿਤ ਛੋਟੂ ਪੁੱਤਰ ਜਗਵੀਰ ਤੂਰ ਵਾਸੀ ਸਹਰਸਾ ਸੋਨੀਪਤ, ਕਸ਼ਿਸ਼ ਕੁਲਦੀਪ ਸਿੰਘ ਪੁੱਤਰ ਦਿਨੇਸ਼ ਕਾਦੀਆਂ ਵਾਸੀ ਪਿੰਡ ਬੇਰੀ ਹਰਿਆਣਾ, ਰਜਿੰਦਰ ਪੁਰਬ ਪੁੱਤਰ ਦਲੀਪ ਸਿੰਘ ਵਾਸੀ ਮੁਗਲਪੁਰਾ ਹਿਸਾਰ, ਅਰਸ਼ਦ ਖ਼ਾਨ ਉਰਫ ਅਰਸ਼ਦੀਆ ਪੁੱਤਰ ਰਾਜਾਕ ਖਾਨ ਵਾਸੀ ਚੂਰੂ ਰਾਜਸਥਾਨ, ਮਲਕੀਤ ਸਿੰਘ ਉਰਫ ਦੀਪਾ ਪੁੱਤਰ ਕੌਰਾ ਸਿੰਘ ਵਾਸੀ ਪਿੰਡ ਭੈਣੀ ਬਠਿੰਡਾ ਮੌਜੂਦ ਸਨ।

ਐਤਵਾਰ ਸ਼ਾਮ ਜਦੋਂ ਬਲਾਕ-2 ਵਿਚ ਮੌਜੂਦ ਮੁਲਜ਼ਮਾਂ ਵਲੋਂ ਲੋਹੇ ਦੀਆਂ ਰਾਡਾਂ ਅਤੇ ਤੇਜ਼ਧਾਰ ਪੱਤਰੀਆਂ ਨਾਲ ਬਲਾਕ ਨੰਬਰ-ਇਕ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਲਾਕ-1 ਦੇ ਮੁਲਜ਼ਮਾਂ ਨੇ ਬਲਾਕ-2 ਦੇ ਹੱਥੋਂ ਤੇਜ਼ ਹਥਿਆਰ ਖੋਹ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਮਨਦੀਪ ਸਿੰਘ ਉਰਫ਼ ਤੂਫ਼ਾਨ ਅਤੇ ਮਨਮੋਹਨ ਸਿੰਘ ਉਰਫ ਮੋਹਨਾ ਦੀ ਮੌਤ ਹੋ ਗਈ।ਇਸ ਹਮਲੇ ਦੌਰਾਨ ਕੇਸ਼ਵ ਕੁਮਾਰ ਅਤੇ ਅਰਸ਼ਦ ਖ਼ਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਹੈ, ਜਦਕਿ ਮਾਮੂਲੀ ਜ਼ਖ਼ਮੀ ਮਨਪ੍ਰੀਤ ਸਿੰਘ ਉਰਫ ਭਾਊ ਮਾਮੂਲੀ ਜ਼ਖ਼ਮੀ ਹੋਣ ਕਾਰਨ ਜੇਲ੍ਹ ਵਾਪਸ ਭੇਜ ਦਿੱਤਾ ਗਿਆ। ਇਸ ਮਾਮਲੇ ਵਿਚ ਪੁਲਸ ਨੇ ਬਲਾਕ ਨੰਬਰ-1 ਵਿਚ ਮੌਜੂਦ 7 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਗੋਇੰਦਵਾਲ ਸਾਹਿਬ ਜੇਲ੍ਹ ’ਚ ਗੈਂਗਵਾਰ ਨੂੰ ਲੈ ਕੇ ਵੱਡੀ ਖ਼ਬਰ, FIR 'ਚ ਹੋਇਆ ਵੱਡਾ ਖ਼ੁਲਾਸਾ

ਸੋਮਵਾਰ ਸਵੇਰੇ ਖਡੂਰ ਸਾਹਿਬ ਦੀ ਮਾਣਯੋਗ ਅਦਾਲਤ ਗੁਰਪ੍ਰੀਤ ਕੌਰ ਵਲੋਂ ਦਿੱਤੇ ਹੁਕਮਾਂ ਤੋਂ ਬਾਅਦ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਤਿੰਨ ਮੈਂਬਰੀ ਡਾਕਟਰੀ ਬੋਰਡ ਵਲੋਂ ਪੋਸਟਮਾਰਟਮ ਕਰਨ ਉਪਰੰਤ ਦੋਵੇਂ ਮ੍ਰਿਤਕ ਦੇਹਾਂ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਮ੍ਰਿਤਕਾਂ ਦੇ ਵਾਰਿਸਾਂ ਵਲੋਂ ਜੇਲ ਪ੍ਰਸ਼ਾਸਨ ਉੱਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਗਏ ਹਨ ਕਿ ਜੇਲ ਪ੍ਰਸ਼ਾਸਨ ਵਲੋਂ ਕੁਝ ਦਿਨ ਪਹਿਲਾਂ ਹੋਈ ਲੜਾਈ ਦੌਰਾਨ ਸਖ਼ਤ ਐਕਸ਼ਨ ਲੈਂਦੇ ਹੋਏ ਮੁਲਜ਼ਮਾਂ ਨੂੰ ਵੱਖਰੇ ਕਰ ਦਿੱਤਾ ਜਾਂਦਾ ਤਾਂ ਅੱਜ ਹਾਲਾਤ ਨਹੀਂ ਹੋਣੇ ਸਨ।ਉੱਧਰ ਵਾਰਦਾਤ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਏ. ਡੀ. ਸੀ. ਪੀ. ਜੇਲ ਦੇ ਹੁਕਮਾਂ ਤੋਂ ਬਾਅਦ ਉਕਤ ਮੁਲਜ਼ਮਾਂ ਵਿਚੋਂ ਕਰੀਬ 12 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ, ਅੰਮ੍ਰਿਤਸਰ, ਕਪੂਰਥਲਾ ਆਦਿ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਸੋਮਵਾਰ ਫੋਰੈਂਸਿਕ ਟੀਮਾਂ ਨੇ ਜੇਲ੍ਹ ਵਿਚ ਪੁੱਜ ਵੱਖ-ਵੱਖ ਸਬੂਤਾਂ ਨੂੰ ਇਕੱਤਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਜ਼ਿਲਾ ਪੁਲਸ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News