ਅੰਮ੍ਰਿਤਸਰ 'ਚ ਈ-ਰਿਕਸ਼ਾ ਚਾਲਕ ਦੀ ਗੁੰਡਾਗਰਦੀ, ਕਈ ਵਾਹਨਾਂ ਨੂੰ ਟੱਕਰ ਮਾਰ ਹੋਇਆ ਫ਼ਰਾਰ

Tuesday, Jan 31, 2023 - 02:21 PM (IST)

ਅੰਮ੍ਰਿਤਸਰ 'ਚ ਈ-ਰਿਕਸ਼ਾ ਚਾਲਕ ਦੀ ਗੁੰਡਾਗਰਦੀ, ਕਈ ਵਾਹਨਾਂ ਨੂੰ ਟੱਕਰ ਮਾਰ ਹੋਇਆ ਫ਼ਰਾਰ

ਅੰਮ੍ਰਿਤਸਰ (ਬਿਊਰੋ) : ਅੰਮ੍ਰਿਤਸਰ ਦੇ ਨੌਵੇਲਟੀ ਚੌਕ 'ਤੇ ਈ-ਰਿਕਸ਼ਾ ਚਾਲਕ ਨੇ ਇਕ ਬਜ਼ੁਰਗ ਨੂੰ ਰਸਤੇ 'ਚ ਉਤਾਰ ਕੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਨੇੜੇ ਹੀ ਮੌਜੂਦ ਪੁਲਸ ਅਧਿਕਾਰੀ ਨੇ ਈ-ਰਿਕਸ਼ਾ ਚਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਿਕਸ਼ਾ ਚਾਲਕ ਨੇ ਪੁਲਸ ਨਾਲ ਗਾਲੀ-ਗਲੋਚ ਕੀਤਾ ਅਤੇ ਰਿਕਸ਼ਾ ਭਜਾ ਕੇ ਨਿਕਲ ਗਿਆ। ਇਸ ਤੋਂ ਬਾਅਦ ਪੁਲਸ ਨੇ ਰਿਕਸ਼ਾ ਚਾਲਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਕਰੀਬ 15 ਕਿਲੋਮੀਟਰ ਤੱਕ ਇਸ ਰਿਕਸ਼ਾ ਚਾਲਕ ਦਾ ਪਿੱਛਾ ਕਰਦੀ ਰਹੀ। ਰਿਕਸ਼ਾ ਚਾਲਕ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਚੋਂ ਨਿਕਲਦਾ ਰਿਹਾ। ਇਸ ਦੌਰਾਨ ਰਿਕਸ਼ਾ ਚਾਲਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਕੇ ਲੋਕਾਂ ਨੂੰ ਜ਼ਖ਼ਮੀ ਵੀ ਕੀਤਾ।

ਇਹ ਵੀ ਪੜ੍ਹੋ- ਭੂਆ-ਫੁੱਫੜ ਦੀ ਦਰਿੰਦਗੀ, ਮਾਸੂਮ ਭਤੀਜੇ ਦੇ ਕੁੱਟ-ਕੱਟ ਪਾਈਆਂ ਲਾਸਾਂ, ਔਖੇ ਵੇਲੇ ਚੌਂਕੀਦਾਰ ਨੇ 'ਫੜੀ ਬਾਂਹ'

ਸ਼ਹਿਰ ਵਾਸੀਆਂ ਵੱਲੋਂ ਰਿਕਸ਼ਾ ਚਾਲਕ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ।  ਰਿਕਸ਼ਾ ਚਾਲਕ ਨੂੰ ਫੜਨ ਦੇ ਨਾਲ-ਨਾਲ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਪਰ ਰਿਕਸ਼ਾ ਚਾਲਕ ਨੂੰ ਪੁਲਸ ਫੜ ਨਹੀਂ ਸਕੀ। ਜਦੋਂ ਰਿਕਸ਼ਾ ਪਲਟ ਗਿਆ ਤਾਂ ਰਿਕਸ਼ਾ ਚਾਲਕ ਬੜੀ ਚਲਾਕੀ ਨਾਲ ਰਿਕਸ਼ਾ ਛੱਡ ਕੇ ਉਥੋਂ  ਦੀ ਭੱਜ ਗਿਆ ਅਤੇ ਪੁਲਸ ਦੇ ਹੱਥੋਂ ਫਰਾਰ ਹੋ ਗਿਆ। ਪੁਲਸ ਨੇ ਰਿਕਸ਼ਾ ਨੂੰ ਜ਼ਬਤ ਕਰਕੇ ਅੰਮ੍ਰਿਤਸਰ ਲਾਰੈਂਸ ਰੋਡ ਚੌਂਕ ਕੋਲ ਲੈ ਗਈ। 

ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਸ ਨੇ ਉਸ ਨੂੰ ਫੜਨ ਲਈ ਰਿਕਸ਼ਾ ਚਾਲਕ ਦਾ ਪਿੱਛਾ ਕੀਤਾ ਤਾਂ ਰਸਤੇ 'ਚ ਉਹ ਤਿੰਨ-ਚਾਰ ਵਾਹਨਾਂ ਨਾਲ ਟਕਰਾ ਗਿਆ। ਫਿਲਹਾਲ ਰਿਕਸ਼ਾ ਚਾਲਕ ਨੂੰ ਫੜਿਆ ਨਹੀਂ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਰਿਕਸ਼ਾ ਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News