ਪੁਲਸ ’ਤੇ ਫਾਇਰਿੰਗ ਕਰ ਕੇ ਭੱਜੇ ਗੈਂਗਸਟਰ ਗ੍ਰਿਫ਼ਤਾਰ, ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ
Saturday, Dec 03, 2022 - 01:21 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ)- ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ’ਚ ਪੁਲਸ ’ਤੇ ਫ਼ਾਇਰਿੰਗ ਕਰਕੇ ਭੱਜੇ ਗੈਂਗਸਟਰਾਂ ਨੂੰ ਪੁਲਸ ਨੇ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਗੈਂਗਸਟਰਾਂ ਵੱਲੋਂ ਪੁਲਸ ਨਾਲ ਮੁੱਠਭੇੜ ਕੀਤੀ ਗਈ ਸੀ। ਇਸ ਮਾਮਲੇ ’ਚ ਦੋ ਆਰੋਪੀਆਂ ਨੂੰ ਛੇ ਪਿਸਤੌਲਾਂ ਨਾਲ ਮੌਕੇ ’ਤੇ ਹੀ ਗ੍ਰਿਫ਼ਤਾਰ ਕੀਤਾ ਸੀ।ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਅਜਨਾਲਾ ਏਰੀਆ ਦੇ ਪਿੰਡ ਸਰਾਏ ’ਚ ਇਕ ਘਰ ਰੇਡ ਕੀਤੀ। ਜਿਸ ਦੌਰਾਨ ਤਿੰਨ ਮੁਲਜ਼ਮਾਂ ਹਰਦੇਵ ਸਿੰਘ ਵਰਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਲੁੱਕੇ ਹੋਏ ਸਨ। ਪੁਲਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਲੁਧਿਆਣਾ ਬੰਬ ਕਾਂਡ ਮਾਮਲੇ ’ਚ ਹਰਪ੍ਰੀਤ ਹੈਪੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਂ ਆਈ ਸਾਹਮਣੇ, ਦਿੱਤਾ ਵੱਡਾ ਬਿਆਨ
ਦੱਸਿਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਰਦੇਵ ਸਿੰਘ ਉਰਫ਼ ਗੋਪੀ ਦੀ ਰਹਾਇਸ਼ ਘਨੂਪੁਰ ਕਾਲੇ ਦੇ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਦੇ ਨਜ਼ਦੀਕ ਦਾ ਰਹਿਣ ਵਾਲਾ ਹੈ ਅਤੇ ਜਿਸ ਦਿਨ ਇਹਨਾਂ ਵਿਅਕਤੀਆਂ ਨੂੰ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਉਸ ਸਮੇਂ ਘਨੂਪੁਰ ਕਾਲੇ ਵਿਖੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਹੋਏ ਸਨ। ਹੁਣ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਗੈਂਗਸਟਰ ਕਿਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਨੁਕਸਾਨ ਪਹੁੰਚਾਣ ਦਾ ਨਹੀਂ ਆਏ ਸਨ। ਇਹ ਹੁਣ ਜਾਂਚ ਦਾ ਵੱਡਾ ਵਿਸ਼ਾ ਬਣ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੰਨ ਕਲਚਰ ਖ਼ਿਲਾਫ਼ ਐਕਸ਼ਨ, 12 ਹਜ਼ਾਰ ਅਸਲਾ ਲਾਇਸੈਂਸਾਂ ਦੀ ਵੈਰੀਫ਼ਿਕੇਸ਼ਨ ਸ਼ੁਰੂ
ਪੁਲਸ ਨੇ ਦੱਸਿਆ ਕਿ ਇਹ ਪੰਜੇ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਇਲਾਕੇ ਦੇ ’ਚ ਘੁੰਮ ਰਹੇ ਹਨ ਅਤੇ ਪੁਲਸ ਨੇ ਨਰਾਇਣਗੜ੍ਹ ਇਲਾਕੇ ’ਚ ਸਰਚ ਕਰਕੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਇਨ੍ਹਾਂ ਗੈਂਗਸਟਰਾਂ ਵੱਲੋਂ ਪੁਲਸ ’ਤੇ ਵੀ ਫ਼ਾਇਰਿੰਗ ਕੀਤੀ। ਇਸ ਫਾਇਰਿੰਗ ’ਚ ਤਿੰਨ ਗੈਂਗਸਟਰ ਭੱਜ ਗਏ ਸਨ ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ 1 ਦਸੰਬਰ ਨੂੰ ਮੌਕੇ ਤੇ 5 ਪਿਸਤੌਲ 13 ਰੋਂਦ ਜ਼ਿੰਦਾ ਅਤੇ 5 ਖ਼ੋਲ ਬਰਾਮਦ ਕੀਤੇ ਸਨ। ਇਸ ਦੇ ਨਾਲ ਮੁਲਜ਼ਮਾਂ ਤੋਂ ਇਕ ਇਨੋਵਾ ਕਾਰ ਅਤੇ ਹੈਰੋਇਨ ਵੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ’ਤੇ ਵੱਖ-ਵੱਖ ਥਾਣਿਆਂ ’ਚ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਇਨ੍ਹਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ ।